Punjab

ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ ਨਿਵੇਸ਼ ਦੇ ਗਲਤ ਆਂਕੜੇ ਪੇਸ਼ ਕੀਤੇ ਜਾ ਰਹੇ ਹਨ – ਆਪ

December 20, 2016 09:06 PM
ਚੰਡੀਗੜ੍ਹ.ਆਮ ਆਦਮੀ ਪਾਰਟੀ (ਆਪ) ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਅੰਦਰ ਪੇਸ਼ ਕੀਤੇ ਗਏ ਨਿਵੇਸ਼ ਦੇ ਆਂਕੜਿਆਂ ਨੂੰ ਗਲਤ ਦੱਸਦਿਆਂ ਕਿਹਾ ਹੈ ਕਿ ਇਹ ਪ੍ਰਚਾਰ ਕਰਕੇ ਸਰਕਾਰ ਨੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਖੁਦ ਨੂੰ ਚਮਕਾਉਣ ਲਈ ਜਨਤਾ ਦੇ ਪੈਸੇ ਦੀ ਦੁਰਵਰਤੋਂ ਕੀਤੀ ਹੈ। 
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ 2012 ਅਤੇ 2015 ਦੇ ਦੋ ਅਸਫਲ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟਾਂ ਨੂੰ ਵੱਡੀਆਂ ਪ੍ਰਾਪਤੀਆਂ ਦੱਸ ਕੇ ਮੀਡੀਆ ਮੁਹਿੰਮ ਵਿੱਢੀ ਹੈ।  ਵੜੈਚ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨਾਂ ਵੱਲੋਂ 1.87 ਲੱਖ ਕਰੋੜ ਰੁਪਏ ਦੇ 519 ਐਮਓਯੂ ਸਾਈਨ ਕੀਤੇ ਹਨ, ਪਰ ਅਸਲੀਅਤ ਇਸ ਤੋਂ ਕਾਫੀ ਦੂਰ ਹੈ ਅਤੇ ਸਾਰੇ ਐਮਓਯੂ ਸਿਰਫ ਕਾਗਜਾਂ ਤੱਕ ਹੀ ਸੀਮਿਤ ਹਨ ਅਤੇ ਕਿਸੇ ਕੰਪਨੀ ਨੇ ਕੋਈ ਵੱਡਾ ਨਿਵੇਸ਼ ਨਹੀਂ ਕੀਤਾ ਹੈ। 
ਆਪ ਕਨਵੀਨਰ ਵੜੈਚ ਨੇ ਸੁਖਬੀਰ ਬਾਦਲ ਦੇ ਉਸ ਬਿਆਨ ਨੂੰ ਵੀ ਕਰੜੇ ਹੱਥੀਂ ਲਿਆ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਬਿਜਨਸ ਕਰਨ ਲਈ ਪੰਜਾਬ ਨੰਬਰ ਇੱਕ ਸੂਬਾ ਹੈ। ਉਨਾਂ ਕਿਹਾ ਕਿ ਵਰਲਡ ਬੈਂਕ ਵੱਲੋਂ ਦੀ ਰਿਪੋਰਟ ਅਨੁਸਾਰ ਬਿਜਨਸ ਕਰਨ ਲਈ ਸਹੀ ਸੂਬਿਆਂ ਦੀ ਲਿਸਟ ਵਿੱਚ ਪੂਰੇ ਮੁਲਕ ਅੰਦਰ ਪੰਜਾਬ 16ਵੇਂ ਨੰਬਰ ਉਤੇ ਹੈ। 
ਵੜੈਚ ਨੇ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਕਰਨ ਤੋਂ ਸਨਅਤਕਾਰ ਡਰੇ ਹੋਏ ਹਨ। ਉਨਾਂ ਕਿਹਾ ਕਿ ਜਿਹੜੇ ਪ੍ਰਵਾਸੀ ਭਾਰਤੀ ਐਨਆਰਆਈ ਸਮਿਟ ਵਿੱਚ ਸ਼ਾਮਿਲ ਹੋਏ ਹਨ, ਉਹ ਪੰਜਾਬ ਅੰਦਰ ਵੱਡੇ ਪੱਧਰ ਉਤੇ ਭ੍ਰਿਸ਼ਟਾਚਾਰ, ਵਿਓਂਤਬੰਦ ਅਪਰਾਧ ਅਤੇ ਗਰੀਬ ਬੁਨਿਆਦੀ ਢਾਂਚੇ ਕਾਰਨ ਡਰੇ ਹੋਏ ਹਨ।  ਉਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਯਕੀਨਨ 20 ਹਜਾਰ ਨਾਮਜਦ ਅਪਰਾਧੀਆਂ ਨੂੰ ਸੜਕਾਂ ਉਤੇ ਘੁੰਮਣ ਲਈ ਆਜਾਦ ਛੱਡਣ ਵਿੱਚ ਰਿਕਾਰਡ ਬਣਾਇਆ ਹੈ ਅਤੇ ਗੈਂਗਸਟਰਾਂ ਨੂੰ ਜੇਲਾਂ ਵਿੱਚੋਂ ਭੱਜਣ ਦਿੱਤਾ ਜਾ ਰਿਹਾ ਹੈ। 
ਵੜੈਚ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨਾਂ ਸਮਿਟਾਂ ਦੇ ਕਾਰਨ 96 ਇੰਡਸਟ੍ਰੀਅਲ ਯੂਨਿਟ ਸਥਾਪਿਤ ਹੋ ਚੁੱਕੇ ਹਨ।  ਵੜੈਚ ਨੇ ਕਿਹਾ ਕਿ ਆਪਣੇ 10 ਸਾਲ ਦੇ ਕਾਰਜਕਾਲ ਵਿੱਚ ਅਕਾਲੀ-ਭਾਜਪਾ ਸਰਕਾਰ ਇਸ ਗੱਲ ਦੇ ਸਮਰੱਥ ਨਹੀਂ ਹੈ ਕਿ ਉਹ ਕਿਸੇ ਇੱਕ ਇੰਡਸਟ੍ਰੀ ਦਾ ਵੀ ਨਾਂਅ ਦੱਸ ਸਕਣ, ਜਿਹੜੀ ਪੰਜਾਬ ਵਿੱਚ ਆਈ ਹੋਵੇ। ਵੜੈਚ ਨੇ ਕਿਹਾ ਕਿ ਉਨਾਂ ਉਦਯੋਗਾਂ ਦੀ ਇੱਕ ਲੰਬੀ ਲਿਸਟ ਹੈ, ਜੋ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਵਿੱਚ ਸਥਾਪਿਤ ਹੋ ਚੁੱਕੇ ਹਨ। 
ਵੜੈਚ ਨੇ ਕਿਹਾ ਕਿ ਲਗਭਗ 20 ਹਜਾਰ ਉਦਯੋਗਿਕ ਇਕਾਈਆਂ ਪਿਛਲੇ 10 ਸਾਲ ਵਿੱਚ ਪੰਜਾਬ ਅੰਦਰ ਬੰਦ ਹੋ ਚੁੱਕੀਆਂ ਹਨ।  ਉਨਾਂ ਕਿਹਾ ਕਿ ਸਾਲ 2015 ਵਿੱਚ ਆਰਟੀਆਈ ਜ਼ਰੀਏ ਪੰਜਾਬ ਇੰਡਸਟ੍ਰੀ ਡਿਪਾਰਟਮੈਂਟ ਕੋਲੋਂ ਇਹ ਪਤਾ ਲੱਗਾ ਹੈ ਕਿ ਸਾਲ 2007 ਤੋਂ ਲੈ ਕੇ ਸਾਲ 2015 ਤੱਕ ਪੰਜਾਬ ਅੰਦਰ 18870 ਉਦਯੋਗਿਕ ਇਕਾਈਆਂ ਬੰਦ ਹੋ ਚੁੱਕੀਆਂ ਹਨ।  ਇਕੱਲੇ ਮੰਡੀ ਗੋਬਿੰਦਗੜ੍ਹ ਵਿੱਚ ਸਾਲ 2011 ਤੋਂ 2015 ਤੱਕ 600 ਤੋਂ ਜਿਆਦਾ ਯੂਨਿਟ ਬੰਦ ਹੋ ਚੁੱਕੇ ਹਨ। ਉਨਾਂ ਕਿਹਾ ਕਿ 50 ਮਜਦੂਰ ਪ੍ਰਤਿ ਯੂਨਿਯ ਦੇ ਹਿਸਾਬ ਨਾਲ ਬੰਦ ਹੋਏ 20 ਹਜਾਰ ਯੂਨਿਟਾਂ ਦੇ ਮਜਦੂਰਾਂ ਦੀ ਗਿਣਤੀ 10 ਲੱਖ ਬਣਦੀ ਹੈ, ਜੋ ਕਿ ਬੇਰੋਜਗਾਰ ਹੋ ਚੁੱਕੇ ਹਨ ਅਤੇ ਇਸ ਤਰਾਂ ਉਨਾਂ ਦੇ ਪਰਿਵਾਰਿਕ ਮੈਂਬਰਾਂ ਸਣੇ ਲਗਭਗ 40 ਲੱਖ ਤੋਂ ਜਿਆਦਾ ਲੋਕ ਪ੍ਰਭਾਵਿਤ ਹੋਏ ਹਨ। 
ਵੜੈਚ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਣਯੋਗ ਸੁਪਰੀਮ ਕੋਰਟ ਵਿੱਚ ਖੁਦ ਇਹ ਹਲਫਨਾਮਾ ਦਿੱਤਾ ਸੀ ਕਿ ਗੁਆਂਢੀ ਸੂਬਿਆਂ ਵਿੱਚ ਰਿਆਇਤਾਂ ਕਾਰਨ ਪੰਜਾਬ ਵਿੱਚੋਂ 274 ਉਦਯੋਗਿਕ ਯੂਨਿਟ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਚਲੇ ਗਏ ਹਨ। ਉਨਾਂ ਕਿਹਾ ਕਿ ਇਹ ਸ਼ਰੇਆਮ ਝੂਠ ਹੈ ਕਿ ਪੰਜਾਬ ਵਿੱਚ ਇਨਾਂ ਸਾਲਾਂ ਵਿੱਚ ਨਵੀਂ ਸਨਅਤ ਆਈ ਹੈ। 
ਉਨਾਂ ਕਿਹਾ ਕਿ ਇੱਕ ਪਾਸੇ ਤਾਂ ਸੁਖਬੀਰ ਬਾਦਲ ਵੱਲੋਂ ਲੋਕਾਂ ਨੂੰ ਵਿਕਾਸ ਦੇ ਸਬਜਬਾਗ ਵਿਖਾਏ ਜਾ ਰਹੇ ਸਨ, ਦੂਜੇ ਪਾਸੇ ਬਟਾਲਾ, ਮੰਡੀ ਗੋਬਿੰਦਗੜ੍, ਜਲੰਧਰ ਅਤੇ ਮੋਹਾਲੀ ਸੁਬਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਗਵਾਹ ਹਨ। ਵੜੈਚ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਵਿੱਚ ਵਪਾਰਪੱਖੀ ਮਾਹੌਲ ਬਣਾਉਣ ਵਿੱਚ ਪੂਰੀ ਤਰਾਂ ਅਸਫਲ ਸਾਬਿਤ ਹੋਈ ਹੈ ਅਤੇ ਸੁਖਬੀਰ ਬਾਦਲ ਕੇਵਲ ਪਰਿਵਾਰਿਕ ਵਪਾਰਾਂ ਨੂੰ ਵਧਾਉਣ ਵਿੱਚ ਲੱਗੇ ਹੋਏ ਹਨ। 
ਵੜੈਚ ਨੇ ਕਿਹਾ ਕਿ ਪੰਜਾਬ ਦੀ ਮੌਕਿਆਂ ਤੋਂ ਖੁੰਝੇ ਦੀ ਇੱਕ ਕਹਾਣੀ ਹੈ। ਉਨਾਂ ਕਿਹਾ ਕਿ ਵੱਡੇ ਸੋਫਟਵੇਅਰ ਕਾਰੋਬਾਰੀ ਡੈਲ ਵੱਲੋਂ ਮਈ 2014 ਵਿੱਚ ਮੋਹਾਲੀ ਤੋਂ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਗਿਆ। ਮਹਿੰਦਰਾ ਐਂਡ ਮਹਿੰਦਰਾ ਜਿਸਨੇ ਕਿ ਮੋਹਾਲੀ ਵਿੱਚ ਆਈਟੀ ਯੂਨਿਟ ਲਗਾਉਣਾ ਸੀ, ਉਹ ਆਪਣਾ ਯੂਨਿਟ ਕਦੇ ਵੀ ਨਹੀਂ ਲਗਾਏਗਾ। ਵੜੈਚ ਨੇ ਕਿਹਾ ਕਿ ਸੁਖਬੀਰ ਬਾਦਲ ਇਹ ਸਪਸ਼ਟ ਕਰਨ ਕਿ ਆਈਬੀਐਮ ਅਤੇ ਇਨਫੋਸੇਸ ਵਰਗੀਆਂ ਵੱਡੀਆਂ ਕੰਪਨੀਆਂ ਮੋਹਾਲੀ ਨਾਲੋਂ ਚੰਡੀਗੜ੍ਹ ਨੂੰ ਜਿਆਦਾ ਤਰਜੀਹ ਕਿਓਂ ਦਿੰਦੀਆਂ ਹਨ, ਜਦੋਂ ਕਿ ਉਨਾਂ ਨੂੰ ਇਨਵੈਸਟਮੈਂਟ ਸਮਿਟਾਂ ਵਿੱਚ ਵੱਡੇ-ਵੱਡੇ ਭਰੋਸੇ ਦਿੱਤੇ ਹੁੰਦੇ ਹਨ। 
Have something to say? Post your comment