National

ਬਾਦਲ ਸਰਕਾਰ ਹੁਣ ਚੋਣਾਂ ਦੇ ਮੌਕੇ ਬੀਮਾ ਅਤੇ ਕਰਜਾ ਸਕੀਮਾਂ ਨਾਲ ਕਰਮਚਾਰੀਆਂ ਦਾ ਜਮੀਰ ਖਰੀਦਣ ਦੀ ਕਰ ਰਹੀ ਹੈ ਕੋਸ਼ਿਸ਼– ਆਪ

December 19, 2016 05:51 PM

10 ਸਾਲ ਕਰਮਚਾਰੀਆਂ ਨਾਲ ਮਾੜਾ ਸਲੂਕ ਕਰਕੇ ਹੁਣ ਬਾਦਲਾਂ ਵੱਲੋਂ ਉਨਾਂ ਨੂੰ ਭਟਕਾਊ ਯੋਜਨਾਵਾਂ ਨਾਲ ਭਰਮਾਉਣ ਦੀ ਕੋਸ਼ਿਸ਼ - ਸ਼ੇਰਗਿੱਲ

ਬਾਦਲਾਂ ਨੇ ਪੰਜਾਬ ਦੀ ਦੌਲਤ ਰੱਜ ਕੇ ਲੁੱਟੀ ਅਤੇ ਸੂਬੇ ਦੇ ਖਜਾਨੇ ਵਿੱਚ ਕੁੱਝ ਵੀ ਨਹੀਂ ਛੱਡਿਆ

ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਬਾਦਲ ਸਰਕਾਰ ਹੁਣ ਚੋਣਾਂ ਦੇ ਮੌਕੇ ਬੀਮਾ ਅਤੇ ਕਰਜਾ ਸਕੀਮਾਂ ਨਾਲ ਕਰਮਚਾਰੀਆਂ ਦਾ ਜਮੀਰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਪਿਛਲੇ ਪੌਣੇ 10 ਸਾਲ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੋਂ ਲੈ ਕੇ ਸੈਕਟੀਏਟ ਤੱਕ ਗੁਹਾਰ ਲਗਾਉਂਦੇ ਰਹੇ ਪ੍ਰੰਤੂ ਬਾਦਲ ਸਰਕਾਰ ਸੁੱਤੀ ਰਹੀ। ਸਰਕਾਰ ਨੂੰ ਜਗਾਉਣ ਲਈ ਜਦ ਕਰਮਚਾਰੀ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੁੰਦੇ ਤਾਂ ਬਾਦਲ ਸਰਕਾਰ ਪੁਲਿਸ ਦੀਆਂ ਡਾਂਗਾਂ ਨਾਲ ਉਨਾਂ ਦੀ ਆਵਾਜ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ।

ਆਮ ਆਦਮੀ ਪਾਰਟੀ (ਆਪ) ਦੇ ਲੀਗਲ ਸੈਲ ਦੇ ਮੁਖੀ ਅਤੇ ਮਜੀਠਾ ਤੋਂ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਵਾਲ ਕੀਤਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਸ ਸਮੇਂ ਕਿੱਥੇ ਸਨ, ਜਦੋਂ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਅਤੇ ਸੇਵਾਮੁਕਤ ਹੋਣ ਮਗਰੋਂ ਮਿਲਣ ਵਾਲਾ ਬਕਾਇਆ ਕਈ-ਕਈ ਮਹੀਨੇ ਬਿਨਾਂ ਕਿਸੇ ਕਾਰਨ ਤੋਂ ਰੋਕ ਕੇ ਰੱਖਿਆ।

ਉਨਾਂ ਕਿਹਾ ਕਿ ਬਾਦਲ ਉਸ ਸਮੇਂ ਕਿੱਥੇ ਸਨ, ਜਦੋਂ ਕੱਚੇ ਕਰਮਚਾਰੀਆਂ ਵੱਲੋਂ ਉਨਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਲਈ ਸ਼ਾਂਤਮਈ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਅਤੇ ਪੁਲਿਸ ਵੱਲੋਂ ਉਨਾਂ ਉਤੇ ਡਾਂਗਾਂ ਵਰਾਈਆਂ ਗਈਆਂ ਅਤੇ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਗਈ ਸੀ।

ਉਨਾਂ ਕਿਹਾ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਲਈ 15 ਲੱਖ ਰੁਪਏ, ਹਵਾਈ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਨੂੰ 25 ਲੱਖ ਰੁਪਏ ਅਤੇ ਹਾਦਸੇ ਵਿੱਚ ਅਪੰਗ ਹੋਣ ਵਾਲੇ ਵਿਅਕਤੀ ਨੂੰ 5 ਲੱਖ ਰੁਪਏ ਦੀ ਬੀਮਾ ਰਾਸ਼ੀ ਦੇਣ ਦੀ ਗੱਲ ਫਿਰ ਦੋਹਰਾ ਕੇ ਬਾਦਲਾਂ ਵੱਲੋਂ ਲੋਕਾਂ ਅਤੇ ਖਾਸਕਰ ਕਰਮਚਾਰੀਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸੇ ਤਰਾਂ ਕਰਮਚਾਰੀਆਂ ਨੂੰ ਹਾਊਸ ਲੋਨ 9.4%, ਕਾਰ ਲੋਨ 9.75% ਅਤੇ ਗੋਲਡ ਲੋਨ 11.2% ਦੀ ਵਿਆਜ ਦਰ ਉਤੇ ਦੇਣ ਦਾ ਵਾਅਦਾ ਕੀਤਾ ਗਿਆ ਹੈ, ਇਸ ਤਰਾਂ ਲਗਦਾ ਹੈ ਜਿਵੇਂ ਕਿ ਬਾਦਲਾਂ ਵੱਲੋਂ ਕਰਮਚਾਰੀਆਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਪਰ ਬਾਦਲਾਂ ਦੀਆਂ ਇਨਾਂ ਚਲਾਕੀਆਂ ਤੋਂ ਕਰਮਚਾਰੀ ਚੰਗੀ ਤਰਾਂ ਜਾਣੂ ਹਨ ਅਤੇ ਉਨਾਂ ਨੂੰ ਪਤਾ ਹੈ ਕਿ ਬਾਦਲਾਂ ਵੱਲੋਂ ਇਹ ਚੋਣਾਂ ਨੇੜੇ ਆਉਣ ਕਰਕੇ ਕੀਤਾ ਜਾ ਰਿਹਾ ਹੈ।

ਸ਼ੇਰਗਿੱਲ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ, ਜਿਸਨੇ ਪੰਜਾਬ ਸਰਕਾਰ ਨਾਲ ਸਮਝੌਤਾ ਕੀਤਾ ਹੋਇਆ ਹੈ, ਉਸ ਵੱਲੋਂ ਪਹਿਲਾਂ ਹੀ ਘੱਟ ਦਰਾਂ ਉਤੇ ਵਿਆਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਸਰਕਾਰੀ ਕਰਮਚਾਰੀਆਂ ਨੂੰ ਪ੍ਰੋਸੈਸਿੰਗ ਫੀਸ ਤੋਂ ਵੀ ਛੋਟ ਹੈ। ਉਨਾਂ ਕਿਹਾ ਕਿ ਐਸਬੀਆਈ 9.15 ਤੋਂ 9.35 ਫੀਸਦੀ ਵਿਆਜ ਦਰ ਉਤੇ ਘਰ ਅਤੇ ਕਾਰਾਂ ਲਈ ਕਰਜੇ ਆਨਲਾਈਨ ਆਫਰ ਕਰ ਰਿਹਾ ਹੈ ਅਤੇ ਮਹਿਲਾ ਕਰਮਚਾਰੀਆਂ ਨੂੰ 0.5 ਫੀਸਦੀ ਵਾਧੂ ਛੋਟ ਹੈ। ਇਸੇ ਤਰਾਂ ਸਟੇਟ ਬੈਂਕ ਆਫ ਇੰਡੀਆ ਵੱਲੋਂ ਆਪਣੇ 1.5 ਕਰੋੜ ਖਾਤਾ ਧਾਰਕਾਂ ਨੂੰ ਨਿਜੀ ਦੁਰਘਟਨਾ ਅਤੇ ਅਪੰਗਤਾ ਬੀਮਾ ਯੋਜਨਾਵਾਂ ਅਧੀਨ ਲਿਆਂਦਾ ਗਿਆ ਹੈ। ਜਿਆਦਾਤਰ ਸਰਕਾਰੀ ਕਰਮਚਾਰੀ ਪਹਿਲਾਂ ਹੀ ਇਨਾਂ ਯੋਜਨਾਵਾਂ ਦਾ ਐਸਬੀਆਈ ਜਾਂ ਹੋਰਨਾਂ ਬੈਕਾਂ ਤੋਂ ਫਾਇਦਾ ਚੁੱਕ ਰਹੇ ਹਨ। 

ਉਨਾਂ ਕਿਹਾ ਕਿ ਬਾਦਲ ਉਸ ਸਮੇਂ ਕਿੱਥੇ ਸਨ, ਜਦੋਂ ਕੱਚੇ ਕਰਮਚਾਰੀਆਂ ਵੱਲੋਂ ਉਨਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਲਈ ਸ਼ਾਂਤਮਈ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਅਤੇ ਪੁਲਿਸ ਵੱਲੋਂ ਉਨਾਂ ਉਤੇ ਡਾਂਗਾਂ ਵਰਾਈਆਂ ਗਈਆਂ ਅਤੇ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਗਈ ਸੀ।

ਸ਼ੇਰਗਿੱਲ ਨੇ ਕਿਹਾ ਕਿ ਬਾਦਲਾਂ ਵੱਲੋਂ ਕੀਤੀ ਗਈ ਸਰਕਾਰੀ ਖਜਾਨੇ ਦੀ ਲੁੱਟ ਨੂੰ ਪੰਜਾਬ ਦੇ ਲੋਕ ਚੰਗੀ ਤਰਾਂ ਜਾਣਦੇ ਹਨ ਅਤੇ ਬਾਦਲਾਂ ਨੇ ਸੂਬੇ ਦਾ ਖਜਾਨਾ ਲਗਭਗ ਖਾਲੀ ਕਰ ਦਿੱਤਾ ਹੈ।  ਉਨਾਂ ਕਿਹਾ ਕਿ ਬਾਦਲਾਂ ਵੱਲੋਂ ਕੀਤੇ ਜਾ ਰਹੇ ਨਵੇਂ ਵਾਅਦੇ ਅਤੇ ਨਵੀਂਆਂ ਵਿੱਤੀ ਯੋਜਨਾਵਾਂ ਕੁੱਝ ਵੀ ਨਹੀਂ ਹਨ, ਬਲਕਿ ਇਹ ਚੋਣਾਂ ਵਿੱਚ ਆਪਣੀ ਹਾਰ ਨੂੰ ਵੇਖ ਕੇ ਬੌਖਲਾਏ ਬਾਦਲਾਂ ਦੁਆਰਾ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਹੈ, ਜਦਕਿ ਵੋਟਰਾਂ ਨੇ 2017 ਦੀਆਂ ਚੋਣਾਂ ਵਿੱਚ ਬਾਦਲਾਂ ਨੂੰ ਸੱਤਾ ਤੋਂ ਬਾਹਰ ਕਰਨ ਦਾ ਪੱਕਾ ਮਨ ਬਣਾਇਆ ਹੋਇਆ ਹੈ।

ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਹ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਮਗਰੋਂ ਐਡਹਾਕ, ਅਸਥਾਈ ਜਾਂ ਠੇਕੇ ਉਤੇ ਕਰਮਚਾਰੀ ਨਹੀਂ ਰੱਖੇ ਜਾਣਗੇ, ਬਲਕਿ ਸਰਕਾਰੀ ਵਿਭਾਗਾਂ ਵਿੱਚ ਰੈਗੂਲਰ ਭਰਤੀ ਕੀਤੀ ਜਾਵੇਗੀ।

ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੇਵਾਮੁਕਤ ਹੋਏ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕਰੇਗੀ, ਜਿਹੜੀ ਕਿ 1 ਜਨਵਰੀ 2004 ਨੂੰ ਬੰਦ ਕਰ ਦਿੱਤੀ ਗਈ ਸੀ।

ਸ਼ੇਰਗਿੱਲ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਅਧੀਨ ਸੂਬੇ ਦੇ ਵੱਖ-ਵੱਖ 46 ਵਿਭਾਗਾਂ ਦੇ 1,15,000 ਕਰਮਚਾਰੀਆਂ ਨੂੰ ਫਾਇਦਾ ਹੋਵੇਗਾ, ਇਨਾਂ ਵਿੱਚ ਲਗਭਗ 20 ਹਜਾਰ ਪੰਜਾਬ ਪੁਲਿਸ ਦੇ ਸੇਵਾਮੁਕਤ ਕਰਮਚਾਰੀ ਹੋਣਗੇ। 

Have something to say? Post your comment