Punjab

ਜ਼ੁਰੱਅਤ ਅਤੇ ਗ਼ੈਰਤ ਨਾਲ ਭਰਪੂਰ ਹਨ 'ਨਵੇਂ ਪੰਜਾਬ' ਦੇ ਨਿਰਮਾਤਾ' ਕੰਵਰ ਸੰਧੂ

December 18, 2016 09:29 PM
KANWAR SANDHU

ਸਹੀ ਤੇ ਠੋਸ ਪੱਤਰਕਾਰੀ ਤੋਂ ਬਾਅਦ ਰਾਜਨੀਤੀ 'ਚ ਲਿਆਂਦਾ ਭੂਚਾਲ, ਹੁਣ ਨਿਜ਼ਾਮ ਬਦਲਣ ਲਈ ਤਿਆਰ  
 
ਜੀਵਨ ਸੰਗਰਾਮ ਦਾ ਉਹ ਕਿਹੜਾ ਵਿਹੜਾ ਹੈ ਜਿਸ ਵਿੱਚ ਕੰਵਰ ਸੰਧੂ ਨੇ ਪੈਰ ਨਹੀਂ ਰੱਖਿਆ। ਭਾਵੇਂ ਆਪ੍ਰੇਸ਼ਨ ਬਲੂ ਸਟਾਰ ਹੋਵੇ ਜਾਂ ਆਪ੍ਰੇਸ਼ਨ ਵਿਜੈ, ਸਿਟੀ ਸੈਂਟਰ ਘੋਟਾਲਾ ਹੋਵੇ ਜਾਂ ਫੇਰ ਬਾਦਲ ਪਰਿਵਾਰ ਦੀ ਅਜਾਰੇਦਾਰੀ, ਇਹਨਾਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਸੰਧੂ ਦੀ ਮੌਜੂਦਗੀ ਹਰ ਥਾਂ ਮਹਿਸੂਸ ਕੀਤੀ ਗਈ। ਉਹ ਕਿਸੇ ਸਰਕਾਰ ਅੱਗੇ ਨਹੀਂ ਝੁਕੇ ਤੇ ਅੰਨਿਆਂ ਦੇ ਖਿਲਾਫ ਆਵਾਜ਼ ਚੁੱਕਣ ਤੋਂ ਨਹੀਂ ਡਰੇ, ਉਹਨਾਂ ਦੀ ਕਰੀਬ 38 ਸਾਲ ਦੀ ਪੱਤਰਕਾਰੀ ਇਸ ਗੱਲ ਦੀ ਗਵਾਹ ਹੈ। ਜ਼ਿੰਦਗੀ ਭਰ ਕਿਸੇ ਖ਼ਾਸ ਪਾਰਟੀ ਨਾਲ ਨੇੜਤਾ ਨਹੀਂ ਬਣਾਈ ਪਰੰਤੂ ਜਦੋਂ ਇੱਕ ਇਮਾਨਦਾਰ ਸ਼ਖਸ਼ੀਅਤ ਯਾਨੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਚੋਣਾਂ ਵਿੱਚ ਦਹਾਕਿਆਂ ਤੋਂ ਰਾਜ ਕਰਦੀ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਨੂੰ ਸੱਤਾ ਚੋਂ ਕੱਢ ਮਾਰਿਆ ਤਾਂ ਸੰਧੂ ਦੀ ਸੋਚ ਹੀ ਬਦਲ ਗਈ। ਇਸਤੋਂ ਬਾਅਦ, ਆਪਣੀ ਜ਼ੁਰੱਅਤ ਅਤੇ ਗ਼ੈਰਤ ਲਈ ਮਸ਼ਹੂਰ ਸੰਧੂ ਆਮ ਆਦਮੀ ਪਾਰਟੀ ਦੇ ਹੋ ਗਏ ਤੇ ਪਾਰਟੀ ਨੇ ਵੀ ਉਹਨਾਂ ਨੂੰ ਇੰਨਾ ਸਤਿਕਾਰ ਦਿੱਤਾ ਕਿ ਉਹ ਅੱਜ ਪਾਰਟੀ ਦੇ ਮੋਢੀ ਨੇਤਾਵਾਂ 'ਚ ਗਿਣੇ ਜਾਂਦੇ ਹਨ। ਹੁਣ ਉਹ ਖਰੜ ਤੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਹਨ।
 
 
ਕੰਵਰ ਸੰਧੂ ਦਾ ਪਿਛੋਕੜ ਅੰਮ੍ਰਿਤਸਰ ਦੇ ਪਿੰਡ 'ਭਕਨਾ' ਤੋਂ ਹੈ। ਬਾਅਦ ਵਿੱਚ ਇਹਨਾਂ ਦਾ ਪਰਿਵਾਰ ਸਰਗੋਧਾ ਜ਼ਿਲ੍ਹਾ, ਜੋ ਹੁਣ ਪਾਕਿਸਤਾਨ ਵਿੱਚ ਹੈ ਅਤੇ ਸ੍ਰੀ ਗੰਗਾਨਗਰ ਜ਼ਿਲ੍ਹਾ, ਜੋ ਰਾਜਸਥਾਨ ਵਿਚ ਹੈ, ਵਿੱਚ ਵੀ ਰਿਹਾ। ਪਹਿਲੀਆਂ 4 ਜਮਾਤਾਂ ਪਿੰਡ ਦੇ ਸਕੂਲ ਚੋਂ ਕਰਨ ਤੋਂ ਬਾਅਦ ਉਹ ਪੰਜਾਬ ਪਬਲਿਕ ਸਕੂਲ ਨਾਭਾ 'ਚ ਪੜ੍ਹੇ। ਉੱਚ ਸਿੱਖਿਆ ਉਹਨਾਂ  ਚੰਡੀਗੜ੍ਹ ਅਤੇ ਜਲੰਧਰ ਤੋਂ ਹਾਸਲ ਕੀਤੀ। ਚੰਗੇ ਖਿਡਾਰੀ ਹੋਣ ਦੇ ਨਾਤੇ ਉਹ ਸਪੋਰਟਸ ਕਾਲਜ ਜਲੰਧਰ ਦੇ ਵਿਦਿਆਰਥੀ ਵੀ ਰਹੇ। ਉਹ ਪਿਛਲੇ ਕਈ ਦਹਾਕਿਆਂ ਤੋਂ ਚੰਡੀਗੜ੍ਹ-ਮੋਹਾਲੀ ਦੇ ਵਸਨੀਕ ਹਨ। ਪਿਛਲੇ ਕਰੀਬ 10 ਸਾਲਾਂ ਤੋਂ ਉਹ ਪਿੰਡ ਕਾਂਸਲ, ਜੋ ਮੋਹਾਲੀ ਜ਼ਿਲ੍ਹੇ 'ਚ ਅਤੇ ਖਰੜ ਹਲਕੇ ਵਿੱਚ ਰਹਿ ਰਹੇ ਹਨ।
 
1 ਸਿਤੰਬਰ 1942 ਨੂੰ ਇੱਕ ਸਧਾਰਨ, ਪਰ ਪੜ੍ਹੇ ਲਿਖੇ ਫ਼ੌਜੀ ਅਤੇ ਕਿਸਾਨ ਪਰਿਵਾਰ 'ਚ ਜਨਮੇ ਕੰਵਰ ਸੰਧੂ ਨੇ ਆਪਣਾ ਪੱਤਰਕਾਰੀ ਦਾ ਜੀਵਨ 'ਦਾ ਟ੍ਰਿਬਿਊਨ' ਤੋਂ ਸ਼ੁਰੂ ਕੀਤਾ। ਬਤੌਰ ਸਪੋਰਟਸ ਰਿਪੋਰਟਰ ਉਨ੍ਹਾਂ ਦੀ ਪਹਿਲੀ ਮਾਸਿਕ ਤਨਖਾਹ 500 ਰੁਪਏ ਸੀ। 1978 'ਚ ਉਹ ਸ਼ਾਇਦ ਭਾਰਤ ਦੇ ਪਹਿਲੇ ਪੱਤਰਕਾਰ ਹੋਣਗੇ ਜਿਨ੍ਹਾਂ ਨੇ ਖਿਡਾਰੀਆਂ ਵੱਲੋਂ ਆਪਣਾ ਪ੍ਰਦਰਸ਼ਨ ਬਿਹਤਰ ਕਰਨ ਲਈ ਡਰੱਗਜ਼ ਦੇ ਇਸਤੇਮਾਲ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦੀ ਮਿਹਨਤ ਸਦਕਾ ਉਨ੍ਹਾਂ ਨੂੰ ਅਗਲੇ ਕੁੱਝ ਸਾਲਾਂ 'ਚ ਸਿਰਫ ਤਰੱਕੀਆਂ ਹੀ ਹਾਸਲ ਨਹੀਂ ਹੋਈਆਂ ਬਲਕਿ ਵੱਖਰੇ-ਵੱਖਰੇ ਅਖਬਾਰਾਂ ਅਤੇ ਰਸਾਲਿਆਂ ਤੋਂ ਨੌਕਰੀ ਦੇ ਹੋਰ ਸੱਦੇ ਵੀ ਆਏ। ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿੱਚ ਉਨ੍ਹਾਂ 'ਜੰਗੀ ਪੱਤਰਕਾਰ', ਯਾਨੀ 'ਡਿਫੈਂਸ ਕਾਰਸਪੋਂਡੈਂਟ' ਵਜੋਂ ਕੰਮ ਕੀਤਾ। 1983-84 ਤੋਂ ਸ਼ੁਰੂ ਹੋਏ ਪੰਜਾਬ ਸੰਘਰਸ਼ ਨੂੰ ਉਨ੍ਹਾਂ ਬਤੌਰ ਪੱਤਰਕਾਰ ਨੇੜੇ ਤੋਂ ਦੇਖਿਆ ਅਤੇ ਹੰਡਾਇਆ। 

1 ਸਿਤੰਬਰ 1942 ਨੂੰ ਇੱਕ ਸਧਾਰਨ, ਪਰ ਪੜ੍ਹੇ ਲਿਖੇ ਫ਼ੌਜੀ ਅਤੇ ਕਿਸਾਨ ਪਰਿਵਾਰ 'ਚ ਜਨਮੇ ਕੰਵਰ ਸੰਧੂ ਨੇ ਆਪਣਾ ਪੱਤਰਕਾਰੀ ਦਾ ਜੀਵਨ 'ਦਾ ਟ੍ਰਿਬਿਊਨ' ਤੋਂ ਸ਼ੁਰੂ ਕੀਤਾ। ਬਤੌਰ ਸਪੋਰਟਸ ਰਿਪੋਰਟਰ ਉਨ੍ਹਾਂ ਦੀ ਪਹਿਲੀ ਮਾਸਿਕ ਤਨਖਾਹ 500 ਰੁਪਏ ਸੀ। 1978 'ਚ ਉਹ ਸ਼ਾਇਦ ਭਾਰਤ ਦੇ ਪਹਿਲੇ ਪੱਤਰਕਾਰ ਹੋਣਗੇ ਜਿਨ੍ਹਾਂ ਨੇ ਖਿਡਾਰੀਆਂ ਵੱਲੋਂ ਆਪਣਾ ਪ੍ਰਦਰਸ਼ਨ ਬਿਹਤਰ ਕਰਨ ਲਈ ਡਰੱਗਜ਼ ਦੇ ਇਸਤੇਮਾਲ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦੀ ਮਿਹਨਤ ਸਦਕਾ ਉਨ੍ਹਾਂ ਨੂੰ ਅਗਲੇ ਕੁੱਝ ਸਾਲਾਂ 'ਚ ਸਿਰਫ ਤਰੱਕੀਆਂ ਹੀ ਹਾਸਲ ਨਹੀਂ ਹੋਈਆਂ ਬਲਕਿ ਵੱਖਰੇ-ਵੱਖਰੇ ਅਖਬਾਰਾਂ ਅਤੇ ਰਸਾਲਿਆਂ ਤੋਂ ਨੌਕਰੀ ਦੇ ਹੋਰ ਸੱਦੇ ਵੀ ਆਏ। 

 
ਉਹਨਾਂ ਵਿੱਚ ਇੱਕ ਖਾਸ ਗੱਲ ਇਹ ਰਹੀ ਕਿ ਜਿੱਥੇ ਵੀ ਬੇਗੁਨਾਹਾਂ ਨਾਲ ਧੱਕਾ ਹੁੰਦਾ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਉਹ ਮੌਕੇ 'ਤੇ ਪਹੁੰਚ ਕੇ ਉਸ ਦੀ ਦਾਸਤਾਨ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਸਨ। ਇਹ ਸਭ ਕਰਨ ਲਈ ਉਨ੍ਹਾਂ ਕਈ ਵਾਰ ਆਪਣੀ ਜਾਨ ਵੀ ਖਤਰੇ ਵਿਚ ਪਾਈ। ਇਹ ਸਾਰਾ ਕੰਮ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਵੀਡੀਓ ਡਾਕੂਮੈਂਟਰੀ 'ਚ ਨਜ਼ਰ ਆਉਂਦਾ ਹੈ। ਉਨ੍ਹਾਂ ਦੀ 9 ਹਿੱਸਿਆਂ 'ਚ ਕਰੀਬ 8 ਘੰਟਿਆਂ ਦੀ ਡਾਕੂਮੈਂਟਰੀ 'ਆਪ੍ਰੇਸ਼ਨ ਬਲੂ ਸਟਾਰ, ਅਣਕਹੀ ਦਾਸਤਾਨ', ਜੂਨ 1984 'ਚ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਦਾ ਸਭ ਤੋਂ ਵਾਸਤਵਿਕ ਅਤੇ ਭਰੋਸੇਯੋਗ ਕੰਮ ਹੈ ਜੋ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਵੱਲੋਂ ਸਰਾਹਿਆ ਗਿਆ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਇੱਕ ਘੰਟੇ ਦੀ ਡਾਕੂਮੈਂਟਰੀ ਵਿੱਚ ਨਵੰਬਰ 1984 'ਚ ਦਿੱਲੀ 'ਚ ਸਿੱਖਾਂ ਦੇ ਹੋਏ ਕਤਲੇਆਮ ਨੂੰ ਪ੍ਰਤੱਖਦਰਸ਼ੀਆਂ ਦੀਆਂ ਨਜ਼ਰਾਂ ਨਾਲ ਦਰਸਾਇਆ ਹੈ।
 
ਕੰਵਰ ਸੰਧੂ ਦਾ ਨਾਂ ਉਨ੍ਹਾਂ ਗਿਣੇ ਚੁਣੇ ਪੰਜਾਬੀ ਪੱਤਰਕਾਰਾਂ ਵਿਚ ਆਉਂਦਾ ਹੈ ਜਿਨ੍ਹਾਂ ਨੇ ਆਪਣੇ ਕੰਮ ਦੇ ਜ਼ਰੀਏ ਅੰਤਰ ਰਾਸ਼ਟਰੀ ਪੱਧਰ ਤੇ ਪਹਿਚਾਣ ਬਣਾਈ ਹੈ। 'ਇੰਡੀਆ ਟੂਡੇ' ਵਿਚ ਰਹਿੰਦਿਆਂ 1990-91 'ਚ ਉਹ ਪਹਿਲੇ ਭਾਰਤੀ ਪੱਤਰਕਾਰ ਸਨ, ਜੋ ਪਾਕਿਸਤਾਨ ਵੱਲੋਂ ਹਥਿਆਏ ਗਏ ਕਸ਼ਮੀਰ 'ਚ ਗਏ ਅਤੇ ਉੱਥੋਂ ਦੇ ਹਾਲਾਤਾਂ ਬਾਰੇ ਦੁਨੀਆਂ ਨੂੰ ਜਾਣੂ ਕਰਵਾਇਆ। ਉਹ ਸਿਰਫ਼ 38 ਵਰ੍ਹਿਆਂ ਦੇ ਸਨ ਜਿਸ ਵੇਲੇ ਉਨ੍ਹਾਂ ਨੂੰ 'ਇੰਡੀਅਨ ਐਕਸਪ੍ਰੈਸ', ਚੰਡੀਗੜ੍ਹ ਦਾ ਰੈਜ਼ੀਡੈਂਟ ਐਡੀਟਰ ਬਣਾਇਆ ਗਿਆ। ਉਸ ਤੋਂ ਬਾਅਦ ਉਹ 'ਹਿੰਦੁਸਤਾਨ ਟਾਈਮਜ਼' ਚੰਡੀਗੜ੍ਹ ਐਡੀਸ਼ਨ ਦੇ ਸੰਪਾਦਕ ਬਣੇ ਜਿੱਥੇ ਉਨ੍ਹਾਂ 9 ਸਾਲ ਕੰਮ ਕੀਤਾ। ਉਹ 'ਦਾ ਟ੍ਰਿਬਿਊਨ' ਦੇ ਐਗਜ਼ੈਕਟਿਵ ਐਡੀਟਰ ਵੀ ਰਹੇ। ਸ਼ਾਇਦ ਹੀ ਕੋਈ ਪੰਜਾਬੀ ਹੋਵੇਗਾ, ਜਿਸ ਨੇ 3 ਰਾਸ਼ਟਰ ਪੱਧਰ ਦੀਆਂ ਅਖਬਾਰਾਂ ਦਾ ਸੰਪਾਦਨ ਕੀਤਾ ਹੋਵੇ।
 
ਸੰਧੂ ਕਰੀਬ 5 ਸਾਲ ਟੀ.ਵੀ. ਚੈਨਲ 'ਡੇਅ ਐਂਡ ਨਾਈਟ ਨਿਊਜ਼' ਦੇ ਡਾਇਰੈਕਟਰ ਅਤੇ ਮੁੱਖ ਸੰਪਾਦਕ ਰਹੇ। ਇਸ ਚੈਨਲ  ਦੀਆਂ ਨਿਰਪੱਖ ਅਤੇ ਨਿਡਰ ਖਬਰਾਂ ਕਰਕੇ ਉਸ ਨੂੰ ਪੰਜਾਬ ਦਾ ਐਨ.ਡੀ.ਟੀ.ਵੀ. ਕਿਹਾ ਜਾਂਦਾ ਸੀ। ਪਰ ਅਕਾਲੀਆਂ ਕਰਕੇ ਡੇਅ ਐਂਡ ਨਾਈਟ ਟੀ.ਵੀ. ਅਤੇ ਕੰਵਰ ਸੰਧੂ ਨੂੰ ਆਪਣੀ ਨਿਰਪੱਖਤਾ ਦਾ ਖਾਮਿਆਜਾ ਭੁਗਤਣਾ ਪਿਆ। ਅਕਾਲੀ-ਭਾਜਪਾ ਸਰਕਾਰ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਕੇਬਲ ਮਾਫੀਆ ਨਾਲ ਰਲ ਕੇ ਇਸ ਟੀ.ਵੀ. ਚੈਨਲ ਨੂੰ ਨਹੀਂ ਚੱਲਣ ਦਿੱਤਾ। ਕੰਵਰ ਸੰਧੂ ਨੇ ਇਸ ਧੱਕੇਸ਼ਾਹੀ ਦਾ ਸਿਰਫ਼ ਪਰਦਾਫਾਸ਼ ਹੀ ਨਹੀਂ ਕੀਤਾ,ਇਸ ਨੂੰ ਜਨਤਕ ਵੀ ਕੀਤਾ। ਪੰਜਾਬ ਵਿੱਚ ਜੋ ਅੱਜ ਕੇਬਲ ਮਾਫੀਆ ਦੀ ਗੱਲ ਹੋ ਰਹੀ ਹੈ, ਉਹ ਸਿਰਫ਼ ਕੰਵਰ ਸੰਧੂ ਵੱਲੋਂ ਕੀਤੀ ਗਈ ਜ਼ੁਰੱਅਤ ਦੇ ਸਦਕੇ ਹੀ ਹੈ। ਮਗਰੋਂ ਉਨ੍ਹਾਂ ਨੇ ਨਿਰਪੱਖ ਖਬਰਾਂ ਦੇਣ ਵਾਸਤੇ 'ਫ੍ਰੀ ਮੀਡੀਆ ਇਨੀਸ਼ਿਏਟਿਵ' ਦੀ ਸ਼ੁਰੂਆਤ ਕੀਤੀ। ਇਹ ਇੱਕ ਪ੍ਰੋਡਕਸ਼ਨ ਹਾਊਸ ਹੈ ਜੋ ਖਬਰਾਂ ਬਣਾ ਕੇ ਦੁਨੀਆਂ ਭਰ 'ਚ ਪੇਸ਼ ਕਰਦਾ ਹੈ।
 
ਆਮ ਆਦਮੀ ਪਾਰਟੀ ਨੇਤਾ ਕੰਵਰ ਸੰਧੂ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸਖ਼ਤ ਖ਼ਿਲਾਫ਼ ਹਨ ਅਤੇ 'ਰੂਲ ਆਫ ਲਾਅ' ਦੇ ਹਮਾਇਤੀ ਹਨ। ਉਨ੍ਹਾਂ ਦੀ ਨਿਗਰਾਨੀ ਹੇਠ ਪੰਜਾਬ ਦੇ ਕਾਲੇ ਦੌਰ ਦੌਰਾਨ ਪੁਲਿਸ ਵੱਲੋਂ ਲੋਕਾਂ ਨਾਲ ਕੀਤੀਆਂ ਗਈਆਂ ਜ਼ਿਆਦਤੀਆਂ ਅਤੇ ਝੂਠੇ ਮੁਕਾਬਲਿਆਂ ਬਾਰੇ ਜਾਣਕਾਰੀ ਵੀ ਬਾਹਰ ਕੱਢੀ ਗਈ। ਇਸ ਜ਼ੁਰੱਅਤ ਕਰਕੇ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਵੀ ਹੋਇਆ, ਜਿਸ ਪਿੱਛੇ ਸਰਕਾਰੀ ਸ਼ਹਿ ਅਤੇ ਕਿਸੇ ਅਜੈਂਸੀ ਦਾ ਹੱਥ ਨਜ਼ਰ ਆਉਂਦਾ ਹੈ। ਲੇਕਿਨ ਸੰਧੂ ਇਹ ਸਭ ਕੁੱਝ ਹੋ ਜਾਣ ਦੇ ਬਾਵਜੂਦ ਆਪਣੇ ਰਾਹ ਤੋਂ ਨਹੀਂ ਭਟਕੇ। 
 
ਉਹਨਾਂ ਦੀ ਪੱਤਰਕਾਰੀ ਦਾ ਪੱਧਰ ਇਸ ਗੱਲ ਤੋਂ ਵੀ ਨਜ਼ਰ ਆਉਂਦਾ ਹੈ ਕਿ ਉਹ 'ਆਪ੍ਰੇਸ਼ਨ ਬਲੂ ਸਟਾਰ' ਅਤੇ ਕਾਰਗਿਲ ਦੇ 'ਆਪ੍ਰੇਸ਼ਨ ਵਿਜੈ' ਤੋਂ ਅਲਾਵਾ ਹੋਰ ਕਈ ਘਟਨਾਵਾਂ ਦੇ ਪ੍ਰਤੱਖਦਰਸ਼ੀ ਵੀ ਰਹੇ ਹਨ। ਪੰਜਾਬ ਦਾ ਮੌਜੂਦਾ ਸੰਘਰਸ਼ ਉਨ੍ਹਾਂ ਨੇ ਅਖਬਾਰਾਂ ਅਤੇ ਰਸਾਲਿਆਂ ਰਾਹੀਂ ਕਲਮਬੱਧ ਕੀਤਾ। ਉਨ੍ਹਾਂ ਦੇ ਸਾਰੇ ਕੰਮਾਂ ਵਿੱਚ ਲੋਕਾਂ ਪ੍ਰਤੀ ਅਤੇ ਲੋਕਾਂ ਦਾ ਹਿੱਤ ਸਾਫ਼ ਨਜ਼ਰ ਆਉਂਦਾ ਹੈ। ਕਈ ਬਹੁ-ਚਰਚਿਤ ਘੋਟਾਲੇ ਜਾਂ ਤਾਂ ਉਨ੍ਹਾਂ ਨੇ ਪਰਦਾਫਾਸ਼ ਕੀਤੇ ਜਾਂ ਉਨ੍ਹਾਂ ਦੀ ਨਿਗਰਾਨੀ ਹੇਠ ਜਨਤਕ ਹੋਏ। ਇਹਨਾਂ 'ਚ ਬਾਦਲ ਪਰਿਵਾਰ ਦੇ 'ਬਿਜ਼ਨਸ ਇੰਟਰੈਸਟ', ਅਤੇ ਅਮਰਿੰਦਰ ਸਿੰਘ ਦੇ 'ਸਿਟੀ ਸੈਂਟਰ' ਘੋਟਾਲੇ ਸ਼ਾਮਲ ਹਨ। ਕਿਉਂਕਿ ਉਹ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਿਚ ਝਿਜਕਦੇ ਨਹੀਂ ਇਸ ਲਈ ਸੱਤਾਧਿਰਾਂ ਉਨ੍ਹਾਂ ਨਾਲ ਹਮੇਸ਼ਾ ਖਫ਼ਾ ਰਹਿੰਦੀਆਂ ਰਹੀਆਂ ਹਨ।
 
ਕੰਵਰ ਸੰਧੂ ਉਨ੍ਹਾਂ ਪੱਤਰਕਾਰਾਂ ਵਿਚੋਂ ਨੇ, ਜੇ ਚਾਹੁੰਦੇ ਤਾਂ ਦੁਨੀਆਂ ਦੇ ਕਿਸੇ ਹੋਰ ਹਿੱਸੇ 'ਚ ਜਾ ਕੇ ਵੀ ਆਪਣਾ ਕੰਮਕਾਜ ਕਰ ਸਕਦੇ ਸਨ, ਪਰ ਉਨ੍ਹਾਂ ਪੰਜਾਬ ਵਿੱਚ ਰਹਿ ਕੇ ਹੀ ਕੰਮ ਕਰਨਾ ਬਿਹਤਰ ਸਮਝਿਆ। ਹਾਲਾਂਕਿ ਉਹ ਕਈ ਵਾਰ ਵਿਦੇਸ਼ ਜਾ ਚੁੱਕੇ ਹਨ ਅਤੇ ਉੱਥੇ ਪੜ੍ਹਾਈ ਵੀ ਕੀਤੀ ਹੈ। ਉਹ ਉਨ੍ਹਾਂ ਗਿਣੇ-ਚੁਣੇ ਪੰਜਾਬ ਦੇ ਮਾਹਰਾਂ ਵਿੱਚੋਂ ਹਨ, ਜੋ ਪੰਜਾਬ ਦੀ ਖੇਤੀਬਾੜੀ ਅਤੇ ਵਪਾਰ ਤੋਂ ਲੈ ਕੇ, ਰਾਜ ਦੀ ਆਰਥਿਕ ਹਾਲਤ ਅਤੇ ਸਮਾਜਿਕ ਮੁੱਦਿਆਂ ਬਾਰੇ ਗਹਿਰੀ ਜਾਣਕਾਰੀ ਰੱਖਦੇ ਹਨ। ਇਸੇ ਕਰਕੇ ਉਨ੍ਹਾਂ ਦੀ ਦੁਨੀਆਂ ਭਰ ਵਿਚ ਟੀ.ਵੀ. ਅਤੇ ਰੇਡੀਓ ਸਟੇਸ਼ਨਾਂ ਵੱਲੋਂ ਬੇਹੱਦ 'ਡਿਮਾਂਡ' ਹੈ। ਉਨ੍ਹਾਂ ਦਾ ਮੰਨਣਾ ਹੈ ਕਿ 1947 ਦੀ ਵੰਡ ਤੋਂ ਲੈ ਕੇ ਹੁਣ ਤੱਕ, ਪੰਜਾਬ ਦੀ ਕਮਜ਼ੋਰ ਲੀਡਰਸ਼ਿਪ ਕਰਕੇ ਪੰਜਾਬੀਆਂ ਨਾਲ ਅਤੇ ਰਾਜ ਨਾਲ ਧੱਕਾ ਹੁੰਦਾ ਆਇਆ ਹੈ। ਉਹ ਪਾਣੀਆਂ ਦੇ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ `ਤੇ ਅਤੇ ਬੇਗੁਨਾਹਾਂ ਨਾਲ ਧੱਕੇ ਦੇ ਮੁੱਦੇ 'ਤੇ ਪੰਜਾਬ ਨੂੰ ਇਨਸਾਫ ਦਿਵਾਉਣ ਲਈ ਵਚਨਬੱਧ ਹਨ।
 
ਕੰਵਰ ਸੰਧੁਨ ਦੀ ਬਤੌਰ ਟੀ.ਵੀ.ਹੋਸਟ ਦੁਨੀਆਂ ਭਰ ਦੇ ਪੰਜਾਬੀਆਂ ਅਤੇ ਹੋਰਨਾਂ ਵਿੱਚ ਬਹੁਤ ਹਰਮਨਪਿਆਰਤਾ ਹੈ। ਉਹ ਰੋਜ਼ ਸਵੇਰੇ ਬਾਹਰ ਵਸਦੇ ਪੰਜਾਬੀਆਂ ਵਾਸਤੇ ਇੱਕ ਘੰਟੇ ਦਾ ਪ੍ਰੋਗਰਾਮ, 'ਹੈਲੋ ਗਲੋਬਲ ਪੰਜਾਬ' ਕਰਦੇ ਹਨ। ਇਸ ਦੇ ਬਾਵਜੂਦ ਕਿ ਕੰਵਰ ਸੰਧੂ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਨ, ਉਨ੍ਹਾਂ ਨੂੰ ਲੋਕਾਂ ਨੇ ਮੰਗ ਕਰਕੇ ਇਹ ਪ੍ਰੋਗਰਾਮ ਜਾਰੀ ਰੱਖਣ ਲਈ ਮਜਬੂਰ ਕੀਤਾ ਹੈ। ਹੁਣ ਇਹ ਪ੍ਰੋਗਰਾਮ ਫੇਸਬੁੱਕ ਉੱਤੇ ਵੀ ਲਾਈਵ ਹੈ, ਜਿਸ ਕਰਕੇ ਦੁਨੀਆਂ ਭਰ ਦੇ ਲੋਕ ਇਸ ਨਾਲ ਜੁੜੇ ਹੋਏ ਹਨ। ਜੇ ਇਹ ਕਹੀਏ ਕਿ ਕੰਵਰ ਸੰਧੂ ਦਾ 'ਹੈਲੋ ਗਲੋਬਲ ਪੰਜਾਬ' ਬਾਹਰ ਵਸਦੇ ਪੰਜਾਬੀਆਂ ਨੂੰ ਉਨ੍ਹਾਂ ਦੇ ਮੁਲਕ, ਰਾਜ, ਪਿੰਡ ਅਤੇ ਪਰਿਵਾਰਾਂ ਨਾਲ ਜੋੜਦਾ ਹੈ, ਤਾਂ ਇਹ ਗਲਤ ਨਹੀਂ ਹੋਵੇਗਾ।
ਲੋਕਾਂ ਪ੍ਰਤੀ ਕੰਮ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ, ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਕੰਵਰ ਸੰਧੂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
 
ਕਾਂਸਲ ਨਿਵਾਸੀ ਅਤੇ ਚੰਡੀਗੜ੍ਹ 'ਚ ਪਿਛਲੇ ਕਰੀਬ 40 ਸਾਲ ਤੋਂ ਰਹਿੰਦੇ ਹੋਣ ਕਾਰਨ, ਕੰਵਰ ਸੰਧੂ ਖਰੜ ਇਲਾਕੇ ਦੀਆਂ ਮੁਸ਼ਕਿਲਾਂ ਬਾਰੇ ਪੂਰੀ ਤਰ੍ਹਾਂ ਜਾਣੂ ਹਨ। ਉਨ੍ਹਾਂ ਨੇ ਕਈ ਮਸਲਿਆਂ `ਤੇ ਇਲਾਕਾ ਵਾਸੀਆਂ ਦੀ ਆਵਾਜ਼ ਨੂੰ ਚੁੱਕਿਆ। ਜਿਸ ਵੇਲੇ ਖਰੜ ਲਾਗੇ ਖਾਨਪੁਰ ਪਿੰਡ ਵਿਚ ਕੁੱਝ ਰਸੂਖ ਵਾਲੇ ਲੋਕਾਂ ਵੱਲੋਂ ਧੱਕਾ ਹੋ ਰਿਹਾ ਸੀ, ਤਾਂ ਉਨ੍ਹਾਂ ਉਸ ਦੇ ਖਿਲਾਫ ਆਵਾਜ਼ ਚੁੱਕੀ। ਬਾਦਲ ਪਰਿਵਾਰ ਵੱਲੋਂ ਬਣਾਏ ਜਾ ਰਹੇ ਪੱਲਣਪੁਰ ਵਿਚ ਸੱਤ ਸਿਤਾਰਾ ਹੋਟਲ ਖਿਲਾਫ ਵੀ ਆਵਾਜ਼ ਉਠਾਈ, ਕਿਉਂਕਿ ਇਹ ਕਾਨੂੰਨ ਦੀ ਉਲੰਘਣਾ ਹੈ। ਸਿਸਵਾਂ ਇਲਾਕੇ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਪੱਲਣਪੁਰ ਵਿੱਚ ਬਾਦਲ ਪਰਿਵਾਰ ਦੇ ਹੋਟਲ ਵਾਸਤੇ ਸੜਕ ਅਤੇ ਹੋਰ ਸਹੂਲਤਾਂ ਦੇਣ ਦੇ ਖਿਲਾਫ ਵੀ ਉਨ੍ਹਾਂ ਨੇ ਲੋਕਾਂ ਦਾ ਸਾਥ ਦਿੱਤਾ। ਇਸ ਇਲਾਕੇ 'ਚ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਟੋਲ ਟੈਕਸ ਲਾਉਣ ਦੇ ਖਿਲਾਫ ਵੀ ਉਨ੍ਹਾਂ ਨੇ ਆਵਾਜ਼ ਉਠਾਈ।
 
ਇਹ ਕੰਵਰ ਸੰਧੂ ਦੀਆਂ ਸੇਵਾਵਾਂ ਅਤੇ ਪੰਜਾਬ ਮਸਲਿਆਂ ਦੀ ਸਮਝ ਕਰਕੇ ਹੀ ਹੈ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ। ਇਸ ਕਮੇਟੀ ਨੇ ਲੋਕਾਂ ਤੱਕ ਪਹੁੰਚ ਕਰਕੇ ਅਤੇ ਉਨ੍ਹਾਂ ਦੇ ਸੁਝਾਅ ਲੈ ਕੇ ਚੋਣਾਂ ਵਾਸਤੇ ਪਾਰਟੀ ਦੇ ਮੈਨੀਫੈਸਟੋ ਤਿਆਰ ਕੀਤੇ ਹਨ। ਇਹ ਪਹਿਲੀ ਵਾਰੀ ਹੈ ਕਿ ਕਿਸੇ ਵੀ ਪਾਰਟੀ ਨੇ ਪੰਜਾਬ ਵਿਚ ਆਪਣਾ ਚੋਣ ਮਨੋਰਥ ਪੱਤਰ ਲੋਕਾਂ ਨੂੰ ਪੁੱਛ ਕੇ ਅਤੇ ਉਨ੍ਹਾਂ ਦੀਆਂ ਆਸਾਂ ਮੁਤਾਬਕ ਤਿਆਰ ਕੀਤਾ ਹੈ। ਇਸ ਚੋਣ ਮਨੋਰਥ ਪੱਤਰ ਵਿਚ ਉਨ੍ਹਾਂ ਨੇ ਬੜੇ ਵੱਡੇ ਪੱਧਰ 'ਤੇ ਲੋਕਾਂ ਵਿਚ ਬੇਰੋਜ਼ਗਾਰੀ ਖਤਮ ਕਰਨ ਲਈ ਨੀਤੀ ਬਾਰੇ ਦੱਸਿਆ ਹੈ। ਚੋਣ ਮਨੋਰਥ ਪੱਤਰ ਵਿਚ ਸਿੱਖਿਆ ਦਾ ਮਿਆਰ,ਜੋ ਢਹਿ-ਢੇਰੀ ਹੋ ਚੁੱਕਾ ਹੈ, ਉਸ ਨੂੰ ਮੁੜ ਸੁਰਜੀਤ ਕਰਨ ਲਈ ਕਦਮਾਂ ਬਾਰੇ ਵੀ ਦੱਸਿਆ ਹੈ। 
 
ਚੋਣ ਮਨੋਰਥ ਪੱਤਰ ਇਹ ਵੀ ਦੱਸਦਾ ਹੈ ਕਿ ਕਿਸਾਨੀ ਨੂੰ ਕਿਵੇਂ ਕਰਜ਼ਾ-ਮੁਕਤ ਕੀਤਾ ਜਾਵੇਗਾ ਅਤੇ ਉਦਯੋਗ ਨੂੰ ਪੰਜਾਬ ਵਿਚ ਕਿਵੇਂ ਮੁੜ ਤੋਂ ਲੀਹ `ਤੇ ਲਿਆਂਦਾ ਜਾਵੇਗਾ। ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਬਣਾਉਣਾ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਮੁੱਖ ਟੀਚਾ ਹੋਵੇਗਾ। ਨਾਲ-ਨਾਲ ਹਰ ਪਿੰਡ ਵਿਚ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿਚ ਸਿਹਤ ਕਲੀਨਿਕ ਸਥਾਪਿਤ ਕੀਤੇ ਜਾਣਗੇ, ਜਿੱਥੇ ਮੁਫ਼ਤ ਦਵਾਈਆਂ ਅਤੇ ਇਲਾਜ ਹੋਵੇਗਾ। ਕੰਵਰ ਸੰਧੂ ਮੁਤਾਬਕ ਇਹ ਪਾਰਟੀ ਨੇ ਦਿੱਲੀ ਵਿਚ ਕੀਤਾ ਹੈ ਅਤੇ ਇੱਥੇ ਵੀ ਕਰ ਦਿਖਾਉਣਾ ਹੈ। ਆਮ ਆਦਮੀ ਪਾਰਟੀ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਦਲਿਤ ਭਾਈਚਾਰੇ ਨੂੰ ਮਾਣ ਅਤੇ ਸਤਿਕਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਖਿਲਾਫ ਵਿਤਕਰਾ ਰੋਕਿਆ ਜਾਵੇਗਾ।
 
ਬਾਕੀ ਪਾਰਟੀਆਂ ਤੋਂ ਹੱਟ ਕੇ, ਆਮ ਆਦਮੀ ਪਾਰਟੀ ਵਚਨਬੱਧ ਹੈ ਕਿ ਜੋ ਕੁੱਝ ਚੋਣ ਮਨੋਰਥ ਪੱਤਰ ਵਿਚ ਲਿਖਿਆ ਹੈ, ਉਹ ਸਭ ਕੁੱਝ ਕਰ ਦਿਖਾਇਆ ਜਾਵੇਗਾ। ਜਿਸ ਤਰੀਕੇ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਬਣਾਏ ਗਏ ਹਨ, ਉਨ੍ਹਾਂ ਦੀ ਸ਼ਲਾਘਾ ਅਰਵਿੰਦ ਕੇਜਰੀਵਾਲ ਨੇ ਖੁਦ ਕੀਤੀ ਹੈ। ਉਨ੍ਹਾਂ ਨੇ ਕੰਵਰ ਸੰਧੂ ਨੂੰ ਨਵੇਂ ਅਤੇ ਉਸਾਰੇ ਜਾਣ ਵਾਲੇ ਪੰਜਾਬ ਦਾ ਨਿਰਮਾਤਾ, ਯਾਨੀ 'ਆਰਕੀਟੈਕਟ' ਕਿਹਾ ਹੈ।
 
ਕੰਵਰ ਸੰਧੂ ਦੀ ਇਹ ਵੀ 'ਕਮਿਟਮੈਂਟ' ਹੈ ਕਿ ਜੋ ਕੁੱਝ ਪੰਜਾਬ ਵਿਚ ਹੋਣਾ ਹੈ, ਉਸ ਦੀ ਸ਼ੁਰੂਆਤ ਚੰਡੀਗੜ੍ਹ ਨਾਲ ਲੱਗਦੇ ਖਰੜ ਹਲਕੇ ਤੋਂ ਹੋਣੀ ਚਾਹੀਦੀ ਹੈ। ਖਰੜ ਅਤੇ ਕੁਰਾਲੀ ਵਰਗੇ ਸ਼ਹਿਰ, ਜੋ ਆਵਾਜਾਈ ਕਰਕੇ 'ਚੋਕ' ਯਾਨੀ ਜਾਮ ਹੋਏ ਪਏ ਹਨ, ਉਨ੍ਹਾਂ ਨੂੰ ਰਾਹਤ ਦਿਵਾਉਣ ਦਾ ਉਨ੍ਹਾਂ ਨੇ ਟੀਚਾ ਮਿਥਿਆ ਹੋਇਆ ਹੈ। ਇਸੇ ਤਰ੍ਹਾਂ ਨਵਾਂ ਗਾਉਂ ਵਰਗੇ ਇਲਾਕਿਆਂ ਦੀ ਸਹੀ ਉਸਾਰੀ ਅਤੇ ਸਹੂਲਤਾਂ ਦੇਣਾ, ਉਨ੍ਹਾਂ ਦਾ ਅਗਲੇ 5 ਸਾਲਾਂ ਦਾ ਮੁੱਖ ਮੰਤਵ ਹੈ। ਅਕਾਲੀ-ਭਾਜਪਾ ਸਰਕਾਰ ਦਾ ਮੁੱਖ ਮੰਤਵ ਸੀ, ਨਵੇਂ ਨਿਊ ਚੰਡੀਗੜ੍ਹ ਦੀ ਉਸਾਰੀ ਅਤੇ ਸੁਖਬੀਰ ਬਾਦਲ ਦੇ ਪੱਲਣਪੁਰ ਹੋਟਲ ਦੀ ਤਰੱਕੀ। ਕੰਵਰ ਸੰਧੂ ਦਾ ਮੁੱਖ ਮੰਤਵ ਹੈ ਕਿ ਜਿਹੜੇ ਪਿੰਡ ਵਾਸੀਆਂ ਦੀਆਂ ਜ਼ਮੀਨਾਂ ਨਿਊ ਚੰਡੀਗੜ੍ਹ ਵਾਸਤੇ ਲਈਆਂ ਗਈਆਂ ਹਨ, ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਅਤੇ ਪਿੰਡ ਵਾਸੀਆਂ ਨੂੰ ਉਸ ਇਲਾਕੇ ਦੀ ਤਰੱਕੀ ਦਾ ਹਿੱਸਾ ਬਣਾਉਣਾ। ਜਿਹੜੇ ਪਿੰਡ ਕੰਢੀ ਇਲਾਕੇ `ਚ ਅਤੇ ਪਹਾੜਾਂ ਨਾਲ ਲੱਗਦੇ ਹਨ ਅਤੇ ਜਿੱਥੇ ਬੜੇ ਵੱਡੇ ਪੱਧਰ 'ਤੇ 'ਮਾਈਨਿੰਗ ਮਾਫੀਆ' ਸਰਗਰਮ ਹੈ, ਉਹ ਉਨ੍ਹਾਂ ਪਿੰਡ ਵਾਸੀਆਂ ਦੇ ਪੁਰਜ਼ੋਰ ਹਮਾਇਤੀ ਹਨ। 'ਖਰੜ ਇਲਾਕੇ ਦੀ ਆਵਾਜ਼ ਬੁਲੰਦ ਕਰਨਾ ਮੇਰੇ ਅਗਲੇ 5 ਸਾਲਾਂ ਦਾ ਮੁੱਖ ਅਤੇ ਇੱਕੋ-ਇੱਕ ਟੀਚਾ ਹੋਵੇਗਾ'...ਇਹ ਗੱਲ ਕੰਵਰ ਸੰਧੂ ਬਾਰ-ਬਾਰ ਸਟੇਜਾਂ ਤੋਂ ਅਤੇ ਪਿੰਡਾਂ ਵਿਚ ਕਹਿੰਦੇ ਸੁਣੇ ਜਾ ਸਕਦੇ ਹਨ। ਇਹੋ ਕਾਰਨ ਹੈ ਕਿ ਉਹਨਾਂ ਦੀਆਂ ਰੈਲੀਆਂ ਅਤੇ ਨੁੱਕੜ ਬੈਠਕਾਂ ਵਿੱਚ ਲੋਕਾਂ ਦੀ ਤਾਦਾਦ ਦਿਨ ਬ ਦਿਨ ਵਧਦੀ ਹੀ ਜਾ ਰਹੀ ਹੈ।
Have something to say? Post your comment