Punjab

ਸਾਦਗੀ ਤੇ ਜ਼ਿੰਦਾਦਿਲੀ ਦੀ ਜਿਉਂਦੀ ਜਾਗਦੀ ਮਿਸਾਲ ਹਨ ਬੀਬੀ ਸਰਬਜੀਤ ਕੌਰ

December 18, 2016 08:22 PM
SARBJIT KAUR
ਸਾਦਗੀ ਤੇ ਜ਼ਿੰਦਾਦਿਲੀ ਦੀ ਜਿਉਂਦੀ ਜਾਗਦੀ ਮਿਸਾਲ ਹਨ ਬੀਬੀ ਸਰਬਜੀਤ ਕੌਰ  
 
ਪਹਿਲਾਂ ਦਾਰਾ ਸਿੰਘ ਫੇਰ ਕੈਪਟਨ ਕੰਵਲਜੀਤ ਸਿੰਘ ਤੇ ਹੁਣ ਬੀਬੀ ਸਰਬਜੀਤ ਕੌਰ ਨਿੱਤਰੇ ਰਾਜਨੀਤੀ 'ਚ  
 ਭਾਵੇਂ ਡੇਰਾ ਬਸੀ, ਜ਼ੀਰਕਪੁਰ ਅਤੇ ਇਸ ਖੇਤਰ ਦੇ ਬਾਕੀ ਪਿੰਡਾਂ ਤੇ ਕਸਬਿਆਂ ਦੇ ਵਿਕਾਸ ਦਾ ਸਿਹਰਾ ਕਈ ਲੋਕ ਆਪਣੇ ਸਿਰ ਬੰਨਣ ਦੀ ਕੋਸ਼ਿਸ਼ ਕਰ ਰਹੇ ਹਨ ਪਰੰਤੂ ਕੌਣ ਨਹੀਂ ਜਾਣਦਾ ਕਿ ਇਸ ਦਾ ਮੁੱਢ ਤਾਂ ਸਰਦਾਰ ਦਾਰਾ ਸਿੰਘ ਨੇ ਉਦੋਂ ਹੀ ਰੱਖ ਦਿੱਤਾ ਸੀ ਜਦੋਂ ਉਹ ਪੈਪਸੂ ਸਰਕਾਰ ਵਿੱਚ ਮਾਲ ਮੰਤਰੀ ਸਨ। ਬਾਕੀ ਦੀ ਕਸਰ ਪੂਰੀ ਕੀਤੀ ਉਹਨਾਂ ਦੇ ਬੇਟੇ ਸਰਦਾਰ ਕੰਵਲਜੀਤ ਸਿੰਘ ਨੇ ਸਰਕਾਰ ਵਿੱਚ ਮੰਤਰੀ ਰਹਿੰਦੀਆਂ। ਆਪਣੇ ਸਹੁਰਾ ਸਾਹਿਬ ਅਤੇ ਪਤੀ ਦੀ ਵਿਰਾਸਤ ਨੂੰ ਸੰਭਾਲਕੇ ਅੱਗੇ ਤੋਰਦਿਆਂ ਹੁਣ ਸਰਦਾਰਨੀ ਸਰਬਜੀਤ ਕੌਰ ਰਾਜਨੀਤੀ ਦੇ ਮੈਦਾਨ ਵਿੱਚ ਨਿੱਤਰੇ ਹਨ ਜਿਹਨਾਂ ਦੀ ਸਾਦਗੀ ਅਤੇ ਜ਼ਿੰਦਾਦਿਲੀ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਡੇਰਾ ਬਸੀ ਤੋਂ ਪਾਰਟੀ ਟਿਕਟ ਨਾਲ ਨਵਾਜ਼ਿਆ ਹੈ। ਕਹਿੰਦੇ ਨੇ ਹਰ ਆਦਮੀ ਦੀ ਕਾਮਯਾਬੀ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਤੇ ਜੇਕਰ ਅਜਿਹੀ ਔਰਤ ਖੁਦ ਮੈਦਾਨ ਵਿੱਚ ਆ ਜਾਵੇ ਤਾਂ ਉਸਨੂੰ ਕਾਮਯਾਬ ਹੋਣ ਤੋਂ ਭਲਾ ਕੋਈ ਕਿਵੇਂ ਰੋਕ ਸਕਦੈ। 

ਸਰਦਾਰਨੀ ਸਰਬਜੀਤ ਕੌਰ ਦਾ ਜਨਮ 18 ਅਗਸਤ 1944 ਨੂੰ ਪੰਜਾਬ ਦੇ ਇੱਕ ਸੱਨਅਤੀ ਸ਼ਹਿਰ ਫਗਵਾੜਾ ਵਿੱਚ ਸਰਦਾਰ ਪ੍ਰੀਤਮ ਸਿੰਘ ਚਾਹਲ ਅਤੇ ਸਰਦਾਰਨੀ ਨਸੀਬ ਕੌਰ ਦੇ ਘਰ ਹੋਇਆ।

 
ਸਰਦਾਰਨੀ ਸਰਬਜੀਤ ਕੌਰ ਦਾ ਜਨਮ 18 ਅਗਸਤ 1944 ਨੂੰ ਪੰਜਾਬ ਦੇ ਇੱਕ ਸੱਨਅਤੀ ਸ਼ਹਿਰ ਫਗਵਾੜਾ ਵਿੱਚ ਸਰਦਾਰ ਪ੍ਰੀਤਮ ਸਿੰਘ ਚਾਹਲ ਅਤੇ ਸਰਦਾਰਨੀ ਨਸੀਬ ਕੌਰ ਦੇ ਘਰ ਹੋਇਆ। ਮੁੱਢੋਂ ਹੀ ਸਰਬਜੀਤ ਪੜ੍ਹਨ ਵਿੱਚ ਕਾਫੀ ਤੇਜ਼ ਸੀ। ਜਿਸ ਵੇਲੇ ਲੋਕ ਲੜਕੀਆਂ ਨੂੰ ਸਕੂਲ ਭੇਜਣਾ ਵੀ ਗ਼ਲਤ ਸਮਝਦੇ ਸਨ ਉਸ ਵੇਲੇ ਅਗਾਂਹਵਾਧੂ ਸੋਚ ਦੇ ਧਾਰਨੀ ਸਰਦਾਰ ਪ੍ਰੀਤਮ ਸਿੰਘ ਨੇ ਇਹਨਾਂ ਨੂੰ ਬੀ.ਏ.ਤੱਕ ਦੀ ਸਿੱਖਿਆ ਦਿੱਤੀ ਬੀਬੀ ਸਰਬਜੀਤ ਨੇ ਖਾਲਸਾ ਕਾਲਜ ਫ਼ਾਰ ਵੋਮਨ ਸਿੱਧਵਾਂ ਖੁਰਦ ਤੋਂ ਗਰੈਜੂਏਸ਼ਨ ਕੀਤੀ। ਪਤੀ ਦੇ ਰਾਜਨੀਤਿਕ ਕੰਮਾਂ ਵਿੱਚ ਸਾਥ ਦੇਣ ਸਮੇਂ ਭਾਵੇਂ ਉਹਨਾਂ ਕਈ ਸਬਕ ਵੀ ਸਿੱਖੇ ਲੇਕਿਨ ਉਹ ਉਸ ਵੇਲੇ ਵੀ ਲੋਕਾਂ ਦੀ ਭਲਾਈ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ ਸਨ ਜਦੋਂ ਕਿ ਸੈਕਟਰ-9 ਚੰਡੀਗੜ੍ਹ ਵਿੱਚ ਲੋਕਾਂ ਦਾ ਹਜ਼ੂਮ ਜੁੜਿਆ ਰਹਿੰਦਾ ਸੀ। ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਹੋਣ ਕਾਰਨ ਲੋਕ ਉਹਨਾਂ ਦੇ ਕੰਮਾਂ ਤੋਂ ਵਾਕਫ਼ ਹਨ ਤੇ ਉਹਨਾਂ ਹੀ ਬੀਬੀ ਜੀ ਨੂੰ ਸਰਗਰਮ ਰਾਜਨੀਤੀ ਵਿੱਚ ਆਉਣ ਲਈ ਪ੍ਰੇਰਿਆ।
 
ਪੰਜਾਬ ਦੀ ਰਾਜਨੀਤੀ ਵਿੱਚ ਕੈਪਟਨ ਕੰਵਲਜੀਤ ਸਿੰਘ ਦਾ ਪਰਿਵਾਰ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਭਾਰਤੀ ਫ਼ੌਜ ਵਿੱਚ ਕੈਪਟਨ (ਐਸ.ਐਸ.ਸੀ.) ਰਹਿੰਦਿਆਂ ਉਹਨਾਂ ਦੇਸ਼ ਸੇਵਾ ਕੀਤੀ ਤੇ ਰਾਜਨੀਤੀ 'ਚ ਰਹਿੰਦਿਆਂ ਸਮਾਜ ਸੇਵਾ। ਤਿੰਨ ਵਾਰ ਵਿਧਾਨਸਭਾ ਚੋਣਾਂ ਜਿੱਤਣ ਤੋਂ ਬਾਅਦ ਤੇ ਦੋ ਵਾਰ ਮੰਤਰੀ ਰਹਿੰਦਿਆਂ ਵੀ ਕੈਪਟਨ ਸਾਹਿਬ ਪਾਕ ਦਾਮਨ ਰਹੇ। 29 ਮਾਰਚ 2009 ਨੂੰ ਹੋਏ ਇੱਕ ਹਾਦਸੇ ਤੋਂ ਬਾਅਦ ਜਿਸ ਵੇਲੇ ਉਹਨਾਂ ਅਕਾਲ ਚਲਾਣਾ ਕੀਤਾ ਤਾਂ ਪੀਜੀਆਈ ਚੰਡੀਗੜ੍ਹ ਵਿੱਚ ਉਹਨਾਂ ਦਾ ਹਾਲ ਪੁੱਛਣ ਆਏ ਲੋਕਾਂ ਦਾ ਹੜ੍ਹ ਦੱਸਦਾ ਸੀ ਕਿ ਉਹ ਕਿੰਨੇ ਹਰਮਨ ਪਿਆਰੇ ਸਨ। ਉਹ ਉਸ ਵੇਲੇ ਸਹਿਕਾਰਤਾ ਮੰਤਰੀ ਸਨ ਤੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਵਿੱਚ ਬਹੁਤ ਹੀ ਸਤਿਕਾਰਤ ਸਨ। ਉਹਨਾਂ ਨੂੰ ਇੱਕ ਧਡ਼ੱਲੇਦਾਰ ਸਿਆਸੀ ਆਗੂ ਵਜੋਂ ਵੀ ਜਾਣਿਆ ਜਾਂਦਾ ਸੀ।
 
ਕੈਪਟਨ ਕੰਵਲਜੀਤ ਸਿੰਘ ਦੀ ਕਾਮਯਾਬੀ ਪਿੱਛੇ ਜੇਕਰ ਉਨ੍ਹਾਂ ਦੀ ਪਤਨੀ ਬੀਬੀ ਸਰਬਜੀਤ ਕੌਰ ਦਾ ਹੱਥ ਕਿਹਾ ਜਾਵੇ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ. ਪਰਿਵਾਰ ਨੂੰ ਸਿਆਸੀ ਬੁਲੰਦੀਆਂ ’ਤੇ ਪਹੁੰਚਾਉਣ ਵਿੱਚ ਬੀਬੀ ਸਰਬਜੀਤ ਕੌਰ ਨੇ ਬਹੁਤ ਹੀ ਮਹੱਤਵਪੂਰਨ ਪਿਠਵਰਤੀ ਭੂਮਿਕਾ ਨਿਭਾਈ। ਆਪਣੇ ਪਤੀ ਦੇ ਅਕਾਲ ਚਲਾਣੇ ਤੋਂ ਬਾਅਦ ਬੀਬੀ ਸਰਬਜੀਤ ਕੌਰ ਨੇ ਰਾਜਸੀ ਖੇਤਰ ਵਿੱਚ ਪੈਰ ਧਰਿਆ। ਉਹ ਸਾਦਗੀ ਤੇ ਜ਼ਿੰਦਾਦਿਲੀ ਦੀ ਜਿਉਂਦੀ ਜਾਗਦੀ ਮਿਸਾਲ ਹਨ। ਇਸੇ ਲਈ ਆਪ ਆਦਮੀ ਪਾਰਟੀ (ਆਪ) ਨੇ ਵਿਧਾਨ ਸਭਾ ਚੋਣਾਂ ਲਈ ਬੀਬੀ ਸਰਬਜੀਤ ਨੂੰ ਉਮੀਦਵਾਰ ਬਣਾਇਆ ਹੈ। 
 
ਰਾਜਨੀਤੀ ਇਸ ਪਰਿਵਾਰ ਲਈ ਨਵੀਂ ਨਹੀਂ ਹੈ। ਬੀਬੀ ਸਰਬਜੀਤ ਕੌਰ ਦੇ ਸਹੁਰਾ ਸ. ਦਾਰਾ ਸਿੰਘ ਪੈਪਸੂ ਸਰਕਾਰ ਵਿੱਚ ਮਾਲ ਮੰਤਰੀ ਸਨ। ਸ. ਦਾਰਾ ਸਿੰਘ ਵੱਲੋਂ ਕੀਤੇ ਜ਼ਮੀਨੀ ਸੁਧਾਰ ਅਤੇ ਗਰੀਬਾਂ ਮਜ਼ਲੂਮਾਂ ਦੀ ਸੇਵਾ ਸਦਕਾ ਹੀ ਇਹ ਪਰਿਵਾਰ ਰਾਜਨੀਤੀ ਦੇ ਖੇਤਰ ਵਿੱਚ ਤਰੱਕੀ ਕਰਦਾ ਆ ਰਿਹਾ ਹੈ। ਕੈਪਟਨ ਕੰਵਲਜੀਤ ਸਿੰਘ ਨੇ ਆਪਣੇ ਪਿਤਾ ਵੱਲੋਂ ਮਿਲੀ ਇਮਾਨਦਾਰੀ, ਸਾਦਗੀ ਤੇ ਬੇਬਾਕ ਸਿਆਸਤਦਾਨ ਵਾਲੀ ਵਿਰਾਸਤ ਨੂੰ ਮਰਦੇ ਦਮ ਤੱਕ ਨਿਭਾਇਆ। ਉਹ ਪੰਜਾਬ ਦੇ ਪਹਿਲੇ ਅਜਿਹੇ ਸਿਆਸਤਦਾਨ ਸਨ ਜੋ ਆਜ਼ਾਦਾਨਾ ਤੌਰ ’ਤੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਗ੍ਰਹਿ ਮੰਤਰੀ ਬਣੇ। ਅਤਿਵਾਦ ਵੇਲੇ ਨਿਭਾਈ ਲੋਕ ਪੱਖੀ ਤੇ ਪੰਜਾਬ ਨੂੰ ਸ਼ਾਂਤਮਈ ਬਨਾਉਣ ਦੀ ਭੂਮਿਕਾ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। 
 
ਇਸ ਤੋਂ ਬਾਅਦ ਸੂਬੇ ਦੇ ਵਿੱਤ ਮੰਤਰੀ ਅਤੇ ਸਹਿਕਾਰਤਾ ਮੰਤਰੀ ਵਜੋਂ ਕੀਤੇ ਕੰਮ ਪੰਜਾਬ ਭਰ ਦੇ ਲੋਕਾਂ ਨੂੰ ਅੱਜ ਵੀ ਚੇਤੇ ਹਨ। ਚੰਡੀਗਡ਼੍ਹ ਵਿੱਚ ਕਹਿਣ ਨੂੰ ਤਾਂ ਭਾਵੇਂ ਬਹੁਤ ਸਾਰੇ ਅਕਾਲੀ ਤੇ ਕਾਂਗਰਸੀ ਨੇਤਾ ਰਹਿੰਦੇ ਹਨ ਪਰ ਸੈਕਟਰ 9 ਵਿਚਲੀ ਕੋਠੀ ਨੰਬਰ 175 ਲੋਕਾਂ ਦੀ ਜ਼ੁਬਾਨ ’ਤੇ ਅੱਜ ਵੀ ਹੈ ਕਿਉਂਕਿ ਇਸ ਘਰ ਵਿੱਚ ਹਰ ਫਰਿਆਦੀ ਦੀ ਸੁਣੀ ਜਾਂਦੀ ਰਹੀ ਹੈ। ਭਾਵੇਂ ਉਹ ਬਨੂੜ ਤੋਂ ਜਿਤਦੇ ਸਨ ਪਰ ਸਾਰਾ ਪੰਜਾਬ ਉਨ੍ਹਾਂ ਨੂੰ ਆਪਣਾ ਨੇਤਾ ਮੰਨਦਾ ਸੀ ਤੇ ਸਤਿਕਾਰ ਦਿੰਦਾ ਸੀ। ਇਹ ਸਤਿਕਾਰ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਹਿੱਸੇ ਆ ਰਿਹਾ ਹੈ।
 
ਬੀਬੀ ਸਰਬਜੀਤ ਕੌਰ ਕਿਉਂਕਿ ਆਪਣੇ ਪਤੀ ਦੇ ਰਾਜਨੀਤਕ ਸਫ਼ਰ ਦੌਰਾਨ ਘਰ ਦੀ ਦੇਖ ਰੇਖ ਕਰਦੇ ਹਨ ਤਾਂ ਕੋਈ ਵੀ ਵਿਅਕਤੀ ਘਰੋਂ ਰੋਟੀ ਟੁੱਕ ਖਾਧੇ ਬਿਨਾਂ ਜਾਂ ਚਾਹ ਪਾਣੀ ਪੀਤੇ ਬਿਨਾਂ ਵਾਪਸ ਨਹੀਂ ਸੀ ਜਾ ਸਕਦਾ। ਬੀਬੀ ਜੀ ਦਾ ਲੋਕਾਂ ਨਾਲ ਅਜਿਹਾ ਦਿਲੀ ਪਿਆਰ ਕੱਲ੍ਹ ਵੀ ਸੀ ਤੇ ਅੱਜ ਵੀ ਹੈ। ਕੈਪਟਨ ਕੰਵਲਜੀਤ ਸਿੰਘ ਦੇ ਵਿਛੋਡ਼ਾ ਦੇਣ ਤੋਂ ਬਾਅਦ ਵੀ ਇਸ ਪਰਿਵਾਰ ਨੇ ਡੇਰਾ ਬਸੀ ਦੇ ਲੋਕਾਂ ਦਾ ਸਾਥ ਨਹੀਂ ਛੱਡਿਆ। ਉਨ੍ਹਾਂ ਦੀ ਧੀ ਮਨਪ੍ਰੀਤ ਕੌਰ ਡੌਲੀ ਨੇ ਡੇਰਾ ਬਸੀ, ਲਾਲਡ਼ੂ, ਜ਼ੀਰਕੁਪਰ ਅਤੇ ਹਲਕੇ ਦੇ ਸਮੁੱਚੇ ਪਿੰਡਾਂ ਵਿੱਚ ਲੋਕਾਂ ਨਾਲ ਤਾਲਮੇਲ ਬਣਾਈ ਰੱਖਿਆ ਤੇ ਲੋਕ ਕਾਰਜਾਂ ਖਾਤਰ ਲਡ਼ਾਈ ਵੀ ਲਡ਼ੀ। ਜਿੱਥੇ ਕਿਤੇ ਧਰਨਾ ਦੇਣਾ ਪਿਆ ਧਰਨਾ ਦਿੱਤਾ ਜਾਂ ਪ੍ਰਸ਼ਾਸਨ ਨਾਲ ਆਢਾ ਲਾਉਣਾ ਪਿਆ ਉਸ ਵਿੱਚ ਵੀ ਲੋਕਾਂ ਦਾ ਮੂਹਰੇ ਹੋ ਕੇ ਸਾਥ ਦਿੱਤਾ। 
 
ਪੰਜਾਬ ’ਚ ਜਦੋਂ ਅਤਿਵਾਦ ਦਾ ਦੌਰ ਸੀ ਤਾਂ ਇਹ ਇੱਕ ਅਜਿਹਾ ਪਰਿਵਾਰ ਸੀ ਜਿਸ ਨੇ ਸਰਕਾਰੀ ਦਮਨ ਅਤੇ ਅਤਿਵਾਦੀਆਂ ਦੀਆਂ ਵਧੀਕੀਆਂ ਦਾ ਵਿਰੋਧ ਕੀਤਾ। ਸਾਲ 1992 ਵਿੱਚ ਹੋਈਆਂ ਚੋਣਾਂ ਦੌਰਾਨ ਜਦੋਂ ਅਤਿਵਾਦੀਆਂ ਨੇ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਤਾਂ ਕੈਪਟਨ ਕੰਵਲਜੀਤ ਸਿੰਘ ਨੇ ਅਤਿਾਵਾਦੀਆਂ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕਰਦਿਆਂ ਚੋਣ ਲਡ਼ ਕੇ ਪੰਜਾਬ ’ਚ ਜਮਹੂਰੀਤ ਨੂੰ ਪੈਰਾਂ ਸਿਰ ਕਰਨ ਨੂੰ ਤਰਜ਼ੀਹ ਦਿੱਤੀ ਜਦੋਂ ਕਿ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਕਈ ਸਾਥੀ ਜੋ ਕਿ ਜਮਹੂਰੀਅਤ ਦਾ ਪਹਿਰੇਦਾਰ ਹੋਣ ਦਾ ਢੰਡੋਰਾ ਪਿੱਟਦੇ ਹਨ, ਨੇ ਅਤਿਵਾਦੀਆਂ ਦੀਆਂ ਧਮਕੀਆਂ ਤੋਂ ਡਰਦਿਆਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। 
 
ਬੀਬੀ ਸਰਬਜੀਤ ਕੌਰ ਦੀ ਸ਼ਾਦੀ 1967 ਵਿੱਚ ਹੋਈ ਸੀ। ਇੱਕ ਰਾਜਨੀਤਕ ਪਰਿਵਾਰ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਆਪਣੇ ਆਪ ਨੂੰ ਉਸ ਦੇ ਮੁਤਾਬਕ ਢਾਲਿਆ। ਕੈਪਟਨ ਕੰਵਲਜੀਤ ਸਿੰਘ ਕਿਉਂਕਿ ਸਿਆਸਤ ’ਚ ਆਉਣ ਤੋਂ ਪਹਿਲਾਂ ਭਾਰਤੀ ਸੈਨਾ ਵਿੱਚ ਨੌਕਰੀ ਕਰ ਚੁੱਕੇ ਸਨ ਇਸ ਲਈ ਅਨੁਸ਼ਾਸਨਬੱਧ ਰਹਿਣਾ ਅਤੇ ਦੇਸ ਭਗਤੀ ਦਾ ਜਜਬਾ ਇਸ ਪਰਿਵਾਰ ਵਿੱਚ ਕੁੱਟ ਕੁੱਟ ਭਰਿਆ ਹੋਇਆ ਹੈ। ਸਰਬਜੀਤ ਕੌਰ ਸਮਾਜ ਭਲਾਈ ਦੇ ਕੰਮਾਂ ਅਤੇ ਅੌਰਤਾਂ ਦੇ ਸ਼ਸ਼ਕਤੀਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇੱਕ ਜਾਗਰੂਕ ਨੇਤਾ ਹੋਣ ਕਾਰਨ ਉਹ ਚੰਗੀ ਤਰਾਂ ਜਾਣਦੇ ਹਨ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਕੀ ਹਨ ਤੇ ਉਹਨਾਂ ਦਾ ਹਾਲ ਕੀ ਹੈ, ਉਹ ਜਾਣਦੇ ਹਨ ਕਿ ਬੇਰੋਜ਼ਗਾਰੀ ਕਿਵੇਂ ਦੂਰ ਕੀਤੀ ਜਾ ਸਕਦੀ ਹੈ ਤੇ ਅਮਨ ਤੇ ਕ਼ਾਨੂਨ ਕਿਵੇਂ ਬਰਕਰਾਰ ਰੱਖੇ ਜਾ ਸਕਦੇ ਹਨ। ਹੁਣ ਉਹ ਵਿਧਾਨ ਸਭਾ ਚੋਣਾਂ 2017 ਲਈ ਡੇਰਾ ਬਸੀ ਤੋਂ ਚੋਣ ਲੜ ਰਹੇ ਹਨ। ਪਾਰਟੀ ਨੂੰ ਉਮੀਦ ਹੈ ਕਿ ਡੇਰਾ ਬਸੀ ਇਲਾਕੇ ਦੇ ਲੋਕ ਆਪਣੇ ਵਿਛਡ਼ੇ ਹੋਏ ਮਹਿਬੂਬ ਨੇਤਾ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਨੂੰ ਮਾਣ ਸਤਿਕਾਰ ਦੇਣਗੇ ਤੇ ਬੀਬੀ ਸਰਬਜੀਤ ਕੌਰ ਦੇ ਹੱਕ ਵਿੱਚ ਵੋਟ ਪਾਉਣਗੇ।
Have something to say? Post your comment