Punjab

ਸੰਘਰਸ਼, ਸਿਰੜ ਤੇ ਸੇਵਾ ਦਾ ਦੂਜਾ ਨਾਂ ਹੈ ਪਿਰਮਲ ਸਿੰਘ ਖਾਲਸਾ

December 18, 2016 07:49 PM
ਕਰਮਚਾਰੀਆਂ ਦੇ ਹੱਕਾਂ ਦੀ ਰਾਖੀ ਲਈ ਸਭ ਕੁੱਝ ਦਾਅ ਤੇ ਲਾਉਣ ਵਾਲੇ ਨੂੰ ਆਮ ਆਦਮੀ ਪਾਰਟੀ ਨੇ ਸਲਾਹਿਆ 
 
ਗੁਰਬਾਣੀ ਕਹਿੰਦੀ ਹੈ, ' ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ '. ਮਤਲਬ ਇਹ ਕਿ ਜਦੋਂ ਸੱਟ ਵੱਜਦੀ ਹੈ ਤਾਂ ਮਨ ਵਿੱਚ ਰੋਹ ਪੈਦਾ ਹੋਣਾ ਲਾਜ਼ਿਮੀ ਹੈ। ਪਿਰਮਲ ਸਿੰਘ ਖਾਲਸਾ ਨਾਲ ਵੀ ਇਹੋ ਹੋਇਆ। ਜਦੋਂ ਵੇਖਿਆ ਕਿ ਦੋ ਸਾਲ ਦੀ ਅਪ੍ਰੈਂਟਿਸ ਕਰਨ ਤੋਂ ਬਾਅਦ ਵੀ ਨੌਕਰੀ ਨਹੀਂ ਮਿਲ ਰਹੀ ਤਾਂ ਸੰਘਰਸ਼ ਦਾ ਰਾਹ ਚੁਣ ਲਿਆ। ਮਗਰੋਂ ਹਾਲਾਤ ਕੁੱਝ ਅਜਿਹੇ ਹੋ ਗਏ ਕਿ ਖਾਲਸਾ ਨੂੰ ਹੁਣ ਖੁਦ ਵੀ ਯਾਦ ਨਹੀਂ ਕਿ ਉਹਨਾਂ ਆਪਣੀ ਛੋਟੀ ਜਿਹੀ ਜ਼ਿੰਦਗੇ ਵਿੱਚ ਕਿੰਨੇ ਧਰਨੇ ਦਿੱਤੇ, ਕਿੰਨੀ ਵਾਰ ਮਰਨ ਵਰਤ ਰੱਖਿਆ ਤੇ ਲਾਰੇ ਦੇ ਕੇ ਛੁਡਵਾਇਆ ਗਿਆ ਤੇ ਕਿੰਨੀ ਵਾਰ ਸਰਕਾਰ ਨੇ ਲਾਈਨਮੈਨਾਂ ਨੂੰ ਨੌਕਰੀ ਦੇਣ ਦੇ ਨਾਂ ਤੇ ਇਸ਼ਤਿਹਾਰ ਦੇ ਕੇ ਧੋਖਾ ਦਿੱਤਾ। ਆਪਣੇ ਸਿਰੜ, ਸੰਘਰਸ਼ ਤੇ ਸੱਚੀ ਸੁੱਚੀ ਸੋਚ ਸਦਕਾ ਉਹ ਆਮ ਆਦਮੀ ਪਾਰਟੀ ਦੇ ਨੇੜੇ ਆਇਆ। ਪਾਰਟੀ ਨੇ ਉਸਦੀ ਸੋਚ ਨੂੰ ਪਛਾਣਿਆ ਤੇ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਟਿਕਟ ਦੇਕੇ ਸਨਮਾਨਿਆ। ਅੱਜ ਇਲਾਕੇ ਦੇ  ਲੋਕ ਉਸਦੇ ਨਾਲ ਹਨ ਤੇ ਉਹ ਇਤਿਹਾਸ ਰਚਣ ਲਈ ਤਿਆਰ ਹੈ। 
 
ਜ਼ਿਲਾ ਮਾਨਸਾ ਦੇ ਪਿੰਡ ਤਾਮਕੋਟ ਵਿੱਚ ਸਰਦਾਰ ਦਰਸ਼ਨ ਸਿੰਘ ਤੇ ਸਰਦਾਰਨੀ ਰਣਜੀਤ ਕੌਰ ਦੇ ਘਰ 8 ਸਿਤੰਬਰ 1980 ਨੂੰ ਜਨਮੇ ਪਿਰਮਲ ਸਿੰਘ ਨੇ ਬਾਹਰਵੀਂ ਪਾਸ ਕਰਨ ਤੋਂ  ਬਾਅਦ ਆਈ.ਟੀ.ਆਈ ਤੋਂ ਇਲੈਕਟ੍ਰੀਕਲ ਵਿੱਚ ਡਿਪਲੋਮਾ ਕੀਤਾ। ਜਦੋਂ 2006 ਵਿੱਚ ਬਿਜਲੀ ਬੋਰਡ ਤੋਂ ਦੋ ਸਾਲ ਦੀ ਲਾਈਨਮੈਨ ਦੀ ਅਪ੍ਰੈਂਟਿਸ ਕਰ ਲਈ ਤਾਂ ਉਹ ਖੁਸ਼ ਸੀ ਕਿ ਚਲੋ ਹੁਣ ਜਲਦੀ ਲਾਈਨਮੈਨ ਦੀ ਪੱਕੀ ਨੌਕਰੀ ਮਿਲ ਜਾਵੇਗੀ। ਨੌਕਰੀ ਨਹੀਂ ਮਿਲੀ ਤਾਂ ਉਹ ਸੰਘਰਸ਼ ਦੀ ਰਾਹ ਤੇ ਨਿਕਲ ਪਿਆ। ਬੇਰੁਜਗਾਰ ਲਾਈਨਮੈਨ ਯੂਨੀਅਨ ਦੇ ਬੈਨਰ ਥੱਲੇ ਰੁਜਗਾਰ ਦੀ ਲੜਾਈ ਲੜਦਾ-ਲੜਦਾ ਉਹ ਬਣ ਗਿਆ ਪਿਰਮਲ ਸਿੰਘ ਖਾਲਸਾ। ਉਸਦੇ ਅੰਦਰ ਤੱਪਦੀ ਗਰਮੀਂ ਨੇ ਸੂਬੇ ਭਰ ਦੇ ਨੌਜਵਾਨਾਂ 'ਚ ਅਜਿਹਾ ਜੋਸ਼ ਭਰਿਆ ਕਿ ਉਹ ਅਪਣਾ ਹੱਕ ਲੈਣ ਲਈ ਸਿੱਧੇ ਸਰਕਾਰ ਨਾਲ ਟਕਰਾਉਣ ਤੋਂ ਵੀ ਗੁਰੇਜ ਨਹੀਂ ਕਰਦੇ ਸਨ। ਹਾਲਾਤ ਇਹ ਹੋ ਗਏ ਕਿ ਜਿਉਂ-ਜਿਉਂ ਸੰਘਰਸ਼ ਵਧਦਾ ਗਿਆ ਤਿਉਂ-ਤਿਉਂ ਸਰਕਾਰ ਇਸ ਯੂਨੀਅਨ ਦੇ ਖਿਲਾਫ ਹੁੰਦੀ ਚਲੀ ਗਈ। ਸਰਕਾਰ ਭਾਵੇਂ ਅਕਾਲੀਆਂ ਦੀ ਰਹੀ ਹੋਵੇ ਤੇ ਭਾਵੇਂ ਕਾਂਗਰਸੀਆਂ ਦੀ, ਕਿਸੇ ਨੇ ਵੀ ਇਹਨਾਂ ਦੀ ਇੱਕ ਨਾ ਸੁਣੀ। 
 
ਇਹ ਗੱਲ 2006 ਦੀ ਹੈ। ਕਾਂਗਰਸ ਸਰਕਾਰ ਦੀ ਬਿਜਲੀ ਮੰਤਰੀ ਰਾਜਿੰਦਰ ਕੌਰ ਭੱਠਲ ਦੀ ਕੋਠੀ (ਲਹਿਰਾਗਾਗਾ) ਦੇ ਸਾਹਮਣੇ ਧਰਨਾ ਲੱਗਾ ਹੋਇਆ ਸੀ। ਪਿਰਮਲ ਨੇ ਵੇਖਿਆ ਕਿ ਕਾਫ਼ੀ ਵੱਡੀ ਉਮਰ ਦੇ ਲਾਈਨਮੈਨ ਸਾਥੀ ਧਰਨੇ ਵਿੱਚ ਬੈਠੇ ਸਨ। ਉਸਨੂੰ ਉਦੋਂ ਪਤਾ ਲੱਗਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1996 ਤੋਂ ਬਾਅਦ ਪਾਵਰਕਾਮ ਵਿੱਚ ਲਾਈਨਮੈਨ ਦੀ ਭਰਤੀ ਕੀਤੀ ਹੀ ਨਹੀਂ ਤੇ ਲਾਈਨਮੈਨਾਂ ਦਾ ਕੰਮ ਠੇਕੇਦਾਰਾਂ ਤੋਂ ਕਰਵਾਇਆ ਜਾ ਰਿਹਾ ਹੈ। ਇਸ ਕਾਰਨ ਸਾਰੇ ਲਾਈਨਮੈਨ ਓਵਰ ਏਜ ਹੁੰਦੇ ਜਾ ਰਹੇ ਸਨ। ਦੂਜੇ ਪਾਸੇ ਪਾਵਰਕਾਮ ਦੀ ਮੈਨੇਜਮੈਂਟ ਤੇ ਠੇਕੇਦਾਰ ਇਹਨਾਂ ਦੇ ਨਾਂ ਦਾ ਪੈਸੇ ਖਾ ਰਹੇ ਹਨ। ਉਹ ਸਮਝ ਗਏ ਸਨ ਕਿ ਲਾਈਨਮੈਨਾਂ ਦੀ ਭਰਤੀ ਨਾ ਹੋਣ ਦਾ ਵੱਡਾ ਕਾਰਨ ਭ੍ਰਿਸਟਾਚਾਰ ਹੈ। ਇਸੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹਨ। 
 
ਪਿਰਮਲ ਸਿੰਘ ਨੇ ਫੇਰ ਪਿੱਛੇ ਮੁੜ ਕੇ ਨਹੀਂ ਵੇਖਿਆ। ਲਾਈਨਮੈਨਾਂ ਦੀ ਪੱਕੀ ਭਰਤੀ ਦੀ ਮੰਗ ਨੂੰ ਲੈ ਕੇ ਕਾਂਗਰਸ ਸਰਕਾਰ ਨਾਲ ਚੱਲ ਰਹੇ ਸੰਘਰਸ਼ ਵਿੱਚ ਕੁੱਦ ਪਿਆ ਤੇ ਛੇਤੀ ਹੀ ਉਹ ਆਪਣੇ ਸਾਥੀਆਂ ਦਾ ਆਗੂ ਬਣ ਗਿਆ। ਕੈਪਟਨ ਸਰਕਾਰ ਦੌਰਾਨ ਚੰਡੀਗੜ, ਪਟਿਆਲੇ ਪੱਕੇ ਧਰਨੇ ਵੀ ਲਗਾਏ ਤੇ ਕੈਪਟਨ ਨੇ ਗੱਲ ਸੁਣਨ ਦੀ ਬਜਾਏ ਲਾਈਨਮੈਨਾਂ ਨੂੰ ਰੱਜ ਕੇ ਕੁੱਟਵਾਇਆ। ਆਮ ਸੰਘਰਸ਼ ਖੂਨੀ ਸੰਘਰਸ਼ ਵਿੱਚ ਬਦਲ ਗਿਆ ਪਰ ਅੱਜ ਕਿਸਾਨਾਂ, ਬੇਰੁਜਗਾਰਾਂ ਤੇ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦੀਆਂ ਟਾਹਰਾਂ ਮਾਰਨ ਵਾਲਾ ਕੈਪਟਨ ਟੱਸ ਤੋਂ ਮਸ ਨਹੀ ਹੋਇਆ। ਦਸੰਬਰ 2006 ਨੂੰ ਚੋਣ ਜਾਬਤਾ ਲੱਗ ਗਿਆ ਤੇ ਲਾਈਨਮੈਨਾਂ ਦੀ ਭਰਤੀ ਦਾ ਕੰਮ ਵਿੱਚ ਹੀ ਰਹਿ ਗਿਆ ਜਾਂ ਰੱਖ ਦਿੱਤਾ ਗਿਆ ਜੋ ਅੰਤ ਤੱਕ ਜਿਓਂ ਦਾ ਤਿਓਂ ਹੈ।

ਦਰ ਅਸਲ ਸਿਆਸਤ ਦਾ ਰੰਗ ਹੀ ਕੁੱਝ ਅਜਿਹਾ ਹੈ ਕਿ ਜੋ ਵੀ ਸੱਤਾ ਵਿੱਚ ਆਉਂਦਾ ਹੈ ਉਸੇ ਵਿੱਚ ਰੰਗਿਆ ਜਾਂਦਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਬੇਰੁਜਗਾਰ ਲਾਈਨਮੈਨ ਯੂਨੀਅਨ ਤੱਕ ਪਹੁੰਚ ਕੀਤੀ ਅਤੇ ਅਪਣੀ ਸਰਕਾਰ ਆਉਣ ਤੇ ਪੱਕੀ ਭਰਤੀ ਦਾ ਭਰੋਸਾ ਵੀ ਦਿੱਤਾ। ਇਹਨਾਂ ਦੇ ਦਿੱਤੇ ਸਹਿਯੋਗ ਦੇ ਚੱਲਦਿਆਂ 2007 ਵਿੱਚ ਬਾਦਲ ਦੀ ਸਰਕਾਰ ਬਣ ਗਈ ਪਰ ਸਰਦਾਰ ਬਾਦਲ ਆਪਣੇ ਵਾਅਦੇ ਤੋਂ ਮੁੱਕਰ ਗਏ।

 
ਦਰ ਅਸਲ ਸਿਆਸਤ ਦਾ ਰੰਗ ਹੀ ਕੁੱਝ ਅਜਿਹਾ ਹੈ ਕਿ ਜੋ ਵੀ ਸੱਤਾ ਵਿੱਚ ਆਉਂਦਾ ਹੈ ਉਸੇ ਵਿੱਚ ਰੰਗਿਆ ਜਾਂਦਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਬੇਰੁਜਗਾਰ ਲਾਈਨਮੈਨ ਯੂਨੀਅਨ ਤੱਕ ਪਹੁੰਚ ਕੀਤੀ ਅਤੇ ਅਪਣੀ ਸਰਕਾਰ ਆਉਣ ਤੇ ਪੱਕੀ ਭਰਤੀ ਦਾ ਭਰੋਸਾ ਵੀ ਦਿੱਤਾ। ਇਹਨਾਂ ਦੇ ਦਿੱਤੇ ਸਹਿਯੋਗ ਦੇ ਚੱਲਦਿਆਂ 2007 ਵਿੱਚ ਬਾਦਲ ਦੀ ਸਰਕਾਰ ਬਣ ਗਈ ਪਰ ਸਰਦਾਰ ਬਾਦਲ ਆਪਣੇ ਵਾਅਦੇ ਤੋਂ ਮੁੱਕਰ ਗਏ। ਆਪਣੇ ਸਾਥੀਆਂ ਸਮੇਤ ਉਹ 2009 ਤੱਕ ਬਾਦਲ ਨੂੰ ਲਾਈਨਮੈਨਾਂ ਦੀ ਭਰਤੀ ਲਈ ਮਿਲਦੇ ਰਹੇ ਤੇ ਜਦੋਂ ਸਰਕਾਰ ਨੇ ਪੱਲਾ ਨਾ ਫੜਾਇਆ ਤਾਂ ਅੱਕੇ ਬੇਰੁਜਗਾਰ ਸਾਥੀਆਂ ਨੇ  ਪਿਰਮਲ ਦੀ ਅਗਵਾਈ ਵਿੱਚ 2010 'ਚ ਤਿੱਖੇ ਸੰਘਰਸ਼ ਦੀ ਸੁਰੂਆਤ ਕਰ ਦਿੱਤੀ। 28 ਜਨਵਰੀ 2010 ਨੂੰ ਬਡਬਰ (ਬਰਨਾਲਾ) ਵਿਖੇ ਪਹਿਲੀ ਵਾਰ ਬਾਦਲ ਦੀ ਰੈਲੀ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਿਥੇ ਉਹਨਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ, ਤੇ ਇਹ ਸੀ ਸੜਕ ਦਾ ਸੰਘਰਸ਼ ਜੇਲ ਤੱਕ ਪੁੱਜਣ ਦੀ ਸ਼ੁਰੂਆਤ। ਜੇਲ ਤੋਂ ਬਾਹਰ ਆਉਂਦੇ ਹੀ ਖਾਲਸਾ ਨੇ ਧਾਰ ਲਿਆ ਕਿ ਉਹ ਹੁਣ ਪਿੱਛੇ ਨਹੀਂ ਹਟਣਗੇ।  
 
ਪਿਰਮਲ ਸਿੰਘ ਦੀ ਫਿਤਰਤ ਹੈ ਕਿ ਉਹ ਸੰਘਰਸ਼ ਤੋਂ ਮੂੰਹ ਨਹੀਂ ਮੋੜਦੇ। ਇਸਤੋਂ ਬਾਅਦ ਤਾਂ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਕਿੰਨੇ ਧਰਨੇ ਦਿੱਤੇ ਤੇ ਕਿੰਨੀਆਂ ਡਾਂਗਾਂ ਖਾਧੀਆਂ। 10 ਜੂਨ 2010 ਨੂੰ ਜਦੋਂ ਉਹ ਸਾਥੀਆਂ ਸਮੇਤ ਪੈਟਰੋਲ ਦੀਆਂ ਬੋਤਲਾਂ ਲੈ ਕੇ ਬਠਿੰਡੇ ਵਿਖੇ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਤਾਂ ਸਰਕਾਰ ਨੇ ਗੱਲਬਾਤ ਸੁਣਨ ਦੀ ਬਜਾਏ ਟੈਂਕੀ ਦੇ ਥੱਲੇ ਸੰਘਰਸ਼ ਦੀ ਅਗਵਾਈ ਕਰ ਰਹੇ ਉਸ ਸਮੇਂ ਦੇ ਸੂਬਾ ਪ੍ਰਧਾਨ ਨੂੰ ਡਰਾ ਦਿੱਤਾ ਕਿ ਜੇਕਰ ਟੈਂਕੀ ਤੇ ਪਿਰਮਲ ਸਿੰਘ ਨੂੰ ਕੁੱਝ ਹੋ ਗਿਆ ਤਾਂ ਪ੍ਰਧਾਨ ਤੇ ਕਤਲ ਦਾ ਕੇਸ ਪਾ ਦਿੱਤਾ ਜਾਵੇਗਾ। ਪ੍ਰਧਾਨ ਐਨਾ ਡਰ ਗਿਆ ਕਿ ਅਸਤੀਫਾ ਦੇ ਕੇ ਸੰਘਰਸ਼ ਨੂੰ ਅੱਧ ਵਿੱਚਕਾਰ ਹੀ ਛੱਡ ਗਿਆ। ਸਿਰੜ ਦੇ ਪੱਕੇ ਪਿਰਮਲ ਨੇ ਹੌਸਲਾ ਨਾ ਛੱਡਿਆ ਤੇ ਟੈਂਕੀ ਉਪਰ ਡਟੇ ਰਹੇ। 24 ਘੰਟਿਆਂ ਬਾਅਦ ਪਿਰਮਲ ਸਿੰਘ ਤੇ ਨਾਲ ਦੇ ਸਾਥੀਆਂ ਨੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰਨ ਦਾ ਮਨ ਬਣਾ ਲਿਆ।
 
ਹਾਲਾਤ ਇਹ ਉਹ ਗਏ ਕਿ ਜਿਵੇਂ ਹੀ ਉਹਨਾਂ ਆਪਣੇ ਉਪਰ ਪੈਟਰੋਲ ਪਾਇਆ ਤਾਂ ਬਠਿੰਡਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਤੁਰੰਤ ਮੁੱਖ ਮੰਤਰੀ ਸ: ਬਾਦਲ ਨਾਲ ਮੀਟਿੰਗ ਤੈ ਕਰਵਾਈ ਗਈ। ਮੀਟਿੰਗ ਵੀ ਹੋਈ ਪਰ ਯੂਨੀਅਨ ਨੂੰ ਕੁਝ ਨਹੀਂ ਦਿੱਤਾ। ਉਸੇ ਮਹੀਨੇ ਉਹਨਾਂ ਦੀ ਕਾਬਲੀਅਤ ਨੂੰ ਦੇਖਦਿਆਂ ਸੂਬਾ ਪ੍ਰਧਾਨ ਦੇ ਖਾਲੀ ਪਏ ਅਹੁਦੇ ਤੇ ਸਰਬਸੰਮਤੀ ਨਾਲ ਪਿਰਮਲ ਸਿੰਘ ਨੂੰ ਬੈਠਾ ਦਿੱਤਾ ਗਿਆ। ਇਸਤੋਂ ਬਾਅਦ ਤਾਂ ਪਿਰਮਲ ਸਿੰਘ ਦੀ ਜਿੰਮੇਵਾਰੀ ਹੋਰ ਵੀ ਵੱਧ ਗਈ। ਸੰਘਰਸ਼ ਵਧਿਆ, ਆਖਿਰ ਬਾਦਲ ਸਰਕਾਰ ਨੂੰ ਝੁਕਣਾ ਪਿਆ ਤੇ 22 ਅਗਸਤ 2010 ਨੂੰ 15 ਸਾਲਾਂ ਬਾਅਦ ਸਰਕਾਰ ਨਾਲ ਪਾਵਰਕਾਮ ਵਿੱਚ 5000 ਲਾਈਨਮੈਨ ਭਰਤੀ ਕਰਨ ਦਾ ਸਮਝੌਤਾ ਹੋਇਆ। ਪਰ ਸਰਕਾਰ ਮੁੜ ਤੋਂ ਮੁੱਕਰ ਗਈ। 5000 ਲਾਈਨਮੈਨਾਂ ਦੀ ਭਰਤੀ ਦਾ ਇਸਤਿਹਾਰ ਜਾਰੀ ਕਰਵਾਉਣ ਲਈ 11 ਅਕਤੂਬਰ 2010 ਤੋਂ ਲੈਕੇ 14 ਜਨਵਰੀ 2011 ਤੱਕ ਪਾਵਰਕਾਮ ਦੇ ਮੁੱਖ ਦਫ਼ਤਰ ਪਟਿਆਲਾ ਸਾਹਮਣੇ ਪੱਕਾ ਧਰਨਾ ਲਗਾਇਆ ਗਿਆ। ਕਈ ਵਾਰ ਲਾਠੀ  ਚਾਰਜ ਵੀ ਹੋਇਆ ਤੇ ਪਿਰਮਲ ਸਿੰਘ ਮਰਨ ਵਰਤ ਤੇ ਬੈਠ ਗਏ।  ਸਰਕਾਰ ਨੇ 14 ਜਨਵਰੀ 2011 ਨੂੰ ਲਾਈਨਮੈਨ ਭਰਤੀ ਕਰਨ ਦਾ ਇਸਤਿਹਾਰ ਜਾਰੀ ਕਰਨਾ ਹੀ ਪਿਆ ਤੇ ਪਿਰਮਲ ਦੇ ਸੰਘਰਸ਼ ਦੀ ਜਿੱਤ ਹੋਈ ਜਿਸ ਕਾਰਨ ਉਹਨਾਂ ਵਰਤ  ਖੋਲ ਦਿੱਤਾ। 
 
14 ਅਪ੍ਰੈਲ 2011 ਨੂੰ ਤਲਵੰਡੀ ਸਾਬੋ ਵਿਸਾਖੀ ਮੇਲੇ ਤੇ ਗ੍ਰਿਫਤਾਰੀਆਂ ਦੇਣਾ, ਉਸਦੀ ਮਾਤਾ ਰਣਜੀਤ ਕੌਰ ਦਾ ਮਰਨ ਵਰਤ ਲਈ ਅੱਗੇ ਆਉਣਾ, 29 ਅਪ੍ਰੈਲ ਨੂੰ ਸਾਰੇ ਸਾਥੀ ਰਿਹਾਅ ਕਰਨਾ ਤੇ ਲਾਈਨਮੈਨਾਂ ਦੀ ਪੰਜ ਜੋਨਾਂ ਵਿੱਚ ਕੌਸਲਿੰਗ ਦੀ ਪ੍ਰਕ੍ਰਿਆ ਸੁਰੂ ਹੋਣਾ, ਮਗਰੋਂ ਇਸਨੂੰ ਉਲਝਾਉਣ ਲਈ ਆਪਣੇ ਠੇਕੇਦਾਰਾਂ ਵੱਲੋਂ ਲੁਧਿਆਣਾ ਹੈਂਡ ਐਂਡ ਟੂਲ ਐਸੋਸੀਏਸ਼ਨ ਨਾਮ ਦੇ ਗਰੁੱਪ ਤੋਂ ਕੇਸ ਕਰਵਾ ਦੇਣਾ ਉਹਨਾਂ ਦੇ ਸੰਘਰਸ਼ ਦੀਆਂ ਗਵਾਹੀਆਂ ਹਨ। 18 ਸਤੰਬਰ 2011 ਨੂੰ ਛਪਾਰ ਮੇਲੇ ਤੇ ਰੋਸ ਪ੍ਰਦਰਸ਼ਨ, 18 ਸਤੰਬਰ ਤੋਂ ਲੁਧਿਆਣਾ ਜੇਲ ਵਿੱਚ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਦਾ ਆਉਣਾ ਤੇ ਪਿਰਮਲ ਦਾ ਮਰਨ ਵਰਤ ਖੁਲਵਾਕੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣਾ ਇਹ ਦੱਸਦਾ ਹੈ ਕਿ ਸਰਕਾਰ ਕਿਸ ਤਰਾਂ ਬੌਂਦਲੀ ਹੋਈ ਸੀ। ਇਹ ਗੱਲ ਵੱਖਰੀ ਕਿ ਮੁੱਖ ਮੰਤਰੀ ਆਪਣੀ ਗੱਲ ਤੋਂ ਮੁੜ ਮੁੱਕਰ ਗਏ । ਦਸੰਬਰ 2011 ਤੋਂ ਲੈਕੇ ਫਰਵਰੀ 2012 ਤੱਕ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਆ ਗਈਆਂ। 18 ਜੂਨ 2012 ਨੂੰ ਬਰਨਾਲਾ ਵਿਖੇ ਪਿਰਮਲ ਸਿੰਘ ਨੇ ਲੋਕ ਲਹਿਰ (ਦੂਜੀ ਆਜ਼ਾਦੀ ਲਈ) ਨਾਮ ਦਾ ਇੱਕ ਫਰੰਟ ਜਿਵੇਂ ਬਣਾਇਆ ਤੇ ਪੀ.ਆਰ.ਟੀ.ਸੀ., ਕੰਟਰੈਕਟ ਵਰਕਰਜ਼ ਯੂਨੀਅਨ ਆਜ਼ਾਦ, ਲਹਿਰਾ ਮੁਹੱਬਤ ਥਰਮਲ ਪਲਾਂਟ ਤੇ ਬਠਿੰਡਾ ਥਰਮਲ ਪਲਾਂਟ, ਏ.ਆਈ.ਪਸੂ ਪਾਲਣ ਵਿਭਾਗ ਕੰਟਰੈਕਟ ਯੂਨੀਅਨ ਹੋਰ ਕਈ ਆਦਿ ਜੱਥੇਬੰਦੀਆਂ ਨੂੰ ਸ਼ਾਮਲ ਕਰ ਲਿਆ।
 
ਫੇਰ ਅਚਾਨਕ ਸੰਘਰਸ਼ ਵਿੱਚ ਇੱਕ ਮੋੜ aaia ਤੇ ਪਿਰਮਲ ਸਿੰਘ ਦੀ ਸੋਚਣੀ ਹੀ ਬਦਲ ਗਈ। ਜਨ ਲੋਕਪਾਲ ਬਿਲ ਨੂੰ ਲੈਕੇ ਜੰਤਰ ਮੰਤਰ ਦਿੱਲੀ ਵਿਖੇ ਮਰਨ ਵਰਤ ਤੇ ਬੈਠਣ ਤੋਂ ਪਹਿਲਾਂ ਸ੍ਰੀ ਅਰਵਿੰਦ ਕੇਜਰੀਵਾਲ ਧਰਨੇ ਦੀ ਤਿਆਰੀ ਲਈ ਪਟਿਆਲੇ ਆਏ ਹੋਏ ਸੀ ਤੇ ਪਿਰਮਲ ਨੇ ਉਹਨਾਂ ਨੂੰ ਫੈਕਟਰੀ ਕਾਮਿਆ ਦੇ ਧਰਨੇ ਵਿੱਚ ਆਉਣ ਲਈ ਸੱਦਾ ਦਿੱਤਾ। ਸ੍ਰੀ ਕੇਜਰੀਵਾਲ ਨੇ 5 ਜੁਲਾਈ 2012 ਨੂੰ ਬਹਾਦਰਗੜ ਧਰਨੇ ਵਿੱਚ ਆਕੇ ਕੱਚੇ ਕਾਮਿਆ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ। ਉਹਨਾਂ ਨਾਲ ਸ੍ਰੀ ਸੰਜੇ ਸਿੰਘ ਤੇ ਸ੍ਰੀ ਕੁਮਾਰ ਵਿਸ਼ਵਾਸ ਵੀ ਸਨ। ਇਸ ਪ੍ਰਕਾਰ ਉਹਨਾਂ ਨੂੰ ਸੱਤਾ ਪਰਿਵਰਤਨ ਦੀ ਲੜਾਈ ਲੜ ਰਹੇ ਸ਼੍ਰੀ ਕੇਜਰੀਵਾਲ ਦਾ ਸਾਥ ਮਿਲ ਗਿਆ ਤੇ ਉਹ ਆਮ ਆਦਮੀ ਪਾਰਟੀ ਦੇ ਹੋ ਗਏ। ਫੇਰ ਪਿਰਮਲ ਨੇ ਜੋ ਵੀ ਕੀਤਾ ਉਹ ਇਹ ਸੋਚ ਕੇ ਕੀਤਾ ਕਿ ਉਸਦਾ ਹਰ ਕੰਮ ਆਮ ਆਦਮੀ ਲਈ ਹੈ। 
 
ਉਹਨਾਂ ਲੋਕਪਾਲ ਬਿਲ ਦੇ ਹੱਕ ਵਿੱਚ ਜਲੰਧਰ ਵਿਖੇ ਇੱਕ ਦਿਨ ਦੀ ਭੁੱਖ ਹੜਤਾਲ ਵੀ ਰੱਖੀ ਤੇ ਦਿੱਲੀ ਜੰਤਰ ਮੰਤਰ ਧਰਨੇ ਤੇ ਵੀ ਹਾਜ਼ਰੀ ਲਗਵਾਈ । ਰਹਿੰਦੇ 4000 ਲਾਈਨਮੈਨਾਂ ਨੂੰ ਨੌਕਰੀ ਦੇਣ ਲਈ 18 ਸਤੰਬਰ 2012 ਨੂੰ ਇੱਕੋ ਦਿਨ ਗੁਰੂ ਕੀ ਢਾਬ (ਫਰੀਦਕੋਟ) ਤੇ ਖਡੂਰ ਸਾਹਿਬ (ਤਰਨਤਾਰਨ) ਵਿਖੇ ਬਾਦਲ ਦੀਆਂ ਰੈਲੀਆਂ ਵਿੱਚ ਰੋਸ ਪ੍ਰਦਰਸ਼ਨ ਕੀਤਾ। ਆਪਣੀ ਨੌਕਰੀ ਦੀ ਪਰਵਾਹ ਨਾ ਕਰਦਿਆਂ ਅਕਤੂਬਰ 2012 ਨੂੰ ਡੀਸੀ ਦਫ਼ਤਰ ਤਰਨਤਾਰਨ ਦੇ ਸਾਹਮਣੇ ਮਰਨ ਵਰਤ ਰੱਖਿਆ ਤੇ ਜਿਸਦੇ ਦਬਾਅ ਹੇਠ ਆਖਿਰ ਤਰਨਤਾਰਨ ਤੇ ਫਰੀਦਕੋਟ ਪ੍ਰਸ਼ਾਸਨ ਨੇ ਸਵਾ ਮਹੀਨੇ ਬਾਅਦ ਸਾਥੀਆਂ ਨੂੰ ਜੇਲ ਵਿੱਚੋਂ ਰਿਹਾਅ ਕੀਤਾ। ਜਨਵਰੀ 2013 ਨੂੰ ਮਾਘੀ ਮੇਲੇ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਦਲ ਦੀ ਰੈਲੀ ਵਿੱਚ ਪਰਿਵਾਰਾਂ ਸਮੇਤ ਰੋਸ ਪ੍ਰਦਰਸ਼ਨ ਕੀਤਾ ਅਤੇ ਬਾਦਲ ਸਰਕਾਰ ਨੇ 15 ਬੀਬੀਆਂ, ਇੱਕ ਬੱਚੀ ਤੇ 35 ਸਾਥੀਆਂ ਨੂੰ ਫਰੀਦਕੋਟ ਜੇਲ ਵਿੱਚ ਬੰਦ ਕਰ ਦਿੱਤਾ ਜਿੰਨਾ ਵਿੱਚ ਦੂਸਰੀ ਵਾਰ ਜੇਲ ਕੱਟਣ ਵਾਲੇ ਪਿਰਮਲ ਦੇ ਮਾਤਾ ਜੀ ਵੀ ਸਨ।
 
ਆਖਿਰ ਹਾਈਕੋਰਟ ਕੋਰਟ ਨੇ 22 ਫਰਵਰੀ 2013 ਨੂੰ ਕਹਿ ਦਿੱਤਾ ਕਿ ਰਹਿੰਦੇ 4000 ਲਾਈਨਮੈਨਾਂ ਦੀ ਭਰਤੀ ਹੋ ਸਕਦੀ ਹੈ ਪਰ ਬਾਅਦ ਵਿੱਚ ਬੇਈਮਾਨ ਹੋਈ ਬਾਦਲ  ਸਰਕਾਰ ਨੇ ਹਾਈਕੋਰਟ ਦੇ ਹੁਕਮਾਂ ਨੂੰ ਵੀ ਅਣਗੌਲਿਆਂ ਕਰ ਦਿੱਤਾ। ਬਾਅਦ ਵਿੱਚ ਪਿਰਮਲ ਸਿੰਘ ਨੂੰ ਇਹ ਕਹਿ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਕਿ ਉਹ ਰਹਿੰਦੇ 4000 ਲਾਈਨਮੈਨਾਂ ਦੇ ਸੰਘਰਸ਼ ਦੀ ਅਗਵਾਈ ਕਰਦਾ ਹੈ ਅਤੇ ਲੋਕਾਂ ਨੂੰ ਸਰਕਾਰ ਦੇ ਖਿਲਾਫ਼ ਭੜਕਾਉਦਾ ਹੈ। ਯੂਨੀਅਨ ਵੱਲੋਂ ਸਰਕਾਰ ਦੀ ਵਾਅਦਾ ਖਿਲਾਫ਼ੀ ਦੇ ਰੋਸ ਵਜੋਂ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਖੁੱਲ ਕੇ ਹਮਾਇਤ ਕੀਤੀ ਗਈ ਤੇ ਪਿਰਮਲ ਸਿੰਘ ਨੇ ਲੋਕ ਸਭਾ ਸੰਗਰੂਰ ਤੋਂ ਸ੍ਰੀ ਭਗਵੰਤ ਮਾਨ ਨਾਲ ਕੰਮ ਕੀਤਾ। 
 
ਧਰਨੇ ਦੌਰਾਨ ਪਿਰਮਲ ਸਿੰਘ ਵੱਲੋਂ 7 ਜਨਵਰੀ ਤੋਂ 4 ਫਰਵਰੀ ਤੱਕ 29 ਦਿਨ ਵਰਤ ਰੱਖਿਆ ਗਿਆ। ਧਰਨੇ ਵਿੱਚ ਸ੍ਰੀ ਭਗਵੰਤ ਮਾਨ ਸ੍ਰੀ ਦੁਰਗੇਸ਼ ਪਾਠਕ ਵੱਲੋਂ ਹਾਜ਼ਰੀ ਲਗਵਾਈ ਤੇ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ ਰਹਿੰਦੇ 4000 ਲਾਈਨਮੈਨਾਂ ਨੂੰ ਰੈਗੂਲਰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪਾਰਟੀ ਵੱਲੋਂ ਦਿੱਤੇ ਭਰੋਸੇ ਮਗਰੋਂ ਯੂਨੀਅਨ ਵੱਲੋਂ ਪਾਰਟੀ ਦੇ ਹੱਕ ਵਿੱਚ ਨਿਤਰਨ ਦਾ ਫੈਸਲਾ ਕੀਤਾ। ਭਾਵੇਂ ਕਿ ਬਾਦਲ ਸਰਕਾਰ ਨੇ ਇਸ ਹੀਰੇ ਨੂੰ ਤਾਂ ਨਹੀਂ ਪਛਾਣਿਆ ਪਰ ਪਰ ਆਮ ਆਦਮੀਂ ਪਾਰਟੀ ਦੇ ਜੌਹਰੀਆਂ ਨੇ ਇਸ ਹੀਰੇ ਦੀ ਪਹਿਚਾਣ ਕਰਦਿਆਂ ਇਸ ਨੂੰ ਇੱਕਲਾ ਬੇਰੁਜਗਾਰ ਲਾਈਨਮੈਨਾਂ ਦਾ ਹੀ ਨਹੀਂ ਬਲਕਿ ਲੋਕਾਂ ਦਾ ਲੀਡਰ ਬਣਾਉਣ ਅਤੇ ਵਿਧਾਇਕ ਬਣਾਉਣ ਦਾ ਹੀਆ ਕੀਤਾ ਹੈ। ਹੁਣ ਵੇਖਣਾ ਇਹ ਹੈ ਕਿ ਇਲਾਕੇ ਦੇ ਲੋਕ ਸੰਘਰਸ਼ ਦੇ ਪੁਤਲੇ ਤੇ ਸਿਰੇ ਦੇ ਸਿਰੜੀ ਪਿਰਮਲ ਨੂੰ ਵੋਟਾਂ ਦੇ ਕਿੰਨੇ ਫਰਕ ਨਾਲ ਜਿਤਾ ਕੇ ਵਿਧਾਨਸਭਾ ਵਿੱਚ ਭੇਜਦੇ ਹਨ।
Have something to say? Post your comment