Punjab

ਘੁਬਾਇਆ ਦੇ ਬੇਟੇ ਨੂੰ ਜਲਾਲਾਬਾਦ ਤੋਂ ਫਾਜਿਲਕਾ ਬਦਲਣ ਲਈ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਗੁਪਤ ਸਮਝੌਤਾ ਕੀਤਾ, ਰਾਏ ਸਿੱਖ ਭਾਈਚਾਰੇ ਦੀ ਸਖਤ ਮੁਖਾਲਫਤ ਦੇ ਡਰ ਕਾਰਨ ਸੁਖਬੀਰ ਨੇ ਆਪਣੀ ਸੀਟ ਐਲਾਨਣ ਚ ਦੇਰੀ ਕੀਤੀ, ਵੜੈਚ ਅਤੇ ਮਾਨ ਦਾ ਦਾਅਵਾ

January 03, 2017 09:29 AM

ਚੰਡੀਗੜ੍:

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਆਪਣੀ ਜਲਾਲਾਬਾਦ ਸੀਟ ਦੇ ਐਲਾਨ 'ਚ ਦੇਰੀ ਕਰਨਾ ਬਿਨਾ ਕਿਸੇ ਮਕਸਦ ਦੇ ਨਹੀ ਹੈ ਅਤੇ ਦੇਰੀ ਕਰਨ ਵਿੱਚ ਦਿੱਤਾ ਗਿਆ ਤਰਕ ਬਿਲਕੁਲ ਤਕਰਹੀਣ ਹੈ ਕਿਉਂਕਿ ਉਹ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਕਰਕੇ ਆਪਣੀ ਸੀਟ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਨ।

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ  ਸੁਖਬੀਰ ਬਾਦਲ ਆਪਣੇ ਜੱਦੀ ਹਲਕੇ ਜਲਾਲਾਬਾਦ ਤੋਂ ਚੋਣ ਲੜਨ ਨੂੰ ਸੁਰੱਖਿਅਤ ਨਹੀਂ ਸਮਝਦੇ, ਕਿਉਂਕਿ ਉਨਾਂ ਨੂੰ ਡਰ ਹੈ ਕਿ ਬਾਦਲ ਪਰਿਵਾਰ ਖਿਲਾਫ ਰਾਏ ਸਿੱਖ ਭਾਈਚਾਰੇ ਦੇ ਸਖਤ ਵਿਰੋਧ ਕਾਰਨ ਉਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।

ਆਪ ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕੋਲ ਗੁਪਤ ਤਰੀਕੇ ਨਾਲ ਪਹੁੰਚ ਕੀਤੀ ਅਤੇ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਉਹ (ਸੁਖਬੀਰ ਬਾਦਲ) ਨੇ ਕੈਪਟਨ ਅਮਰਿੰਦਰ ਸਿੰਘ ਦੇ ਗੋਡਿਆਂ ਨੂੰ ਹੱਥ ਲਾ ਕੇ ਇਹ ਮੰਗ ਕੀਤੀ ਹੈ ਕਿ ਕਾਂਗਰਸ ਵੱਲੋਂ ਉਸਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰੇ ਗਏ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਸਿੰਘ ਘੁਬਾਇਆ ਨੂੰ ਉਥੋਂ ਬਦਲਿਆ ਜਾਵੇ। ਆਪ ਆਗੂਆਂ ਨੇ ਕਿਹਾ ਕਿ ਇਹ ਸਾਡੇ ਧਿਆਨ ਵਿੱਚ ਆ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਦਵਿੰਦਰ ਗਰਚਾ ਨੂੰ ਜਲਾਲਾਬਾਦ ਤੋਂ ਫਾਜਿਲਕਾ ਸ਼ਿਫਟ ਕਰਵਾਉਣਾ ਚਾਹੁੰਦੇ ਹਨ।

ਵੜੈਚ ਅਤੇ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਮਿਲੀ ਸਿਆਸੀ ਜਾਣਕਾਰੀ ਅਨੁਸਾਰ ਉਨਾਂ ਦਾ ਉਥੋਂ ਜਿੱਤਣਾ ਸੰਭਵ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਉਥੇ ਬਾਦਲ ਪਰਿਵਾਰ ਨੂੰ ਚੁਣੌਤੀ ਦਿੱਤੀ ਹੋਈ ਹੈ। ਆਪ ਆਗੂਆਂ ਨੇ ਕਿਹਾ ਕਿ ਸ਼ੁਰੂ ਵਿੱਚ ਤਾਂ ਸੁਖਬੀਰ ਬਾਦਲ ਨੇ ਘੁਬਾਇਆ ਦੇ ਪਰਿਵਾਲ ਵੱਲੋਂ ਚਲਾਏ ਜਾਂਦੇ ਕਾਲਜ ਉਤੇ ਛਾਪਾ ਮਾਰ ਕੇ ਉਸਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਵੱਲੋਂ ਘੁਬਾਇਆ ਨੂੰ 'ਨਾਸ਼ੁਕਰੇ ਵਿਅਕਤੀ' ਦੱਸ ਕੇ ਉਨਾਂ ਦਾ ਅਪਮਾਨ ਕੀਤਾ ਗਿਆ ਅਤੇ ਨਾਲ ਹੀ ਪਾਰਟੀ ਛੱਡਣ ਲਈ ਵੀ ਕਿਹਾ ਗਿਆ।

ਆਪ ਆਗੂਆਂ ਨੇ ਕਿਹਾ ਕਿ ਜਲਾਲਾਬਾਦ ਹਲਕੇ ਵਿੱਚ ਰਾਏ ਸਿੱਖ ਭਾਈਚਾਰੇ ਦੀ ਬਹੁਗਿਣਤੀ ਹੈ ਅਤੇ ਉਹ ਸ਼ੇਰ ਸਿੰਘ ਘੁਬਾਇਆ ਦੇ ਅਕਾਲੀ ਦਲ ਲਈ ਪ੍ਰਚਾਰ ਦੇ ਐਲਾਨ ਮਗਰੋਂ ਕਦੇ ਵੀ ਅਕਾਲੀ ਦਲ ਨੂੰ ਵੋਟ ਨਹੀਂ ਪਾਉਣਗੇ। ਆਪ ਆਗੂਆਂ ਨੇ ਕਿਹਾ ਕਿ ਜਲਾਲਾਬਾਦ ਹਲਕੇ ਵਿੱਚ ਰਾਏ ਸਿੱਖ ਭਾਈਚਾਰੇ ਦਾ ਕਾਫੀ ਸਿਆਸੀ ਆਧਾਰ ਹੈ ਅਤੇ ਉਨਾਂ ਖੁਦ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਠੱਗਿਆ ਹੋਇਆ ਮਹਿਸੂਸ ਕਰਦੇ ਹਨ।

ਆਪ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਅਕਾਲੀ-ਭਾਜਪਾ ਸਰਕਾਰ ਖਿਲਾਫ ਗੁੱਸੇ ਅਤੇ ਰਾਏ ਸਿੱਖ ਭਾਈਚਾਰੇ ਦੇ ਆਮ ਆਦਮੀ ਪਾਰਟੀ ਨੂੰ ਸਮਰਥਨ ਕਾਰਨ ਬਾਦਲਾਂ ਨੇ ਇਹ ਸਹੀ ਅੰਦਾਜਾ ਲਗਾਇਆ ਹੈ ਕਿ ਜਲਾਲਾਬਾਦ ਵਿੱਚ ਉਨਾਂ ਦੀ ਹਾਰ ਯਕੀਨੀ ਹੈ।  ਉਨਾਂ ਕਿਹਾ ਕਿ ਰਾਏ ਸਿੱਖ ਭਾਈਚਾਰੇ ਵੱਲੋਂ ਆਮ ਆਦਮੀ ਪਾਰਟੀ ਨੂੰ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ ਕਿਉਂਕਿ ਉਹ ਕਾਂਗਰਸ ਦੀਆਂ ਸਿੱਖ ਵਿਰੋਧੀ ਨੀਤੀਆਂ ਕਾਰਨ ਕਾਂਗਰਸ ਨੂੰ ਕਦੇ ਵੀ ਵੋਟ ਨਹੀਂ ਪਾਉਣਗੇ।

ਆਪ ਆਗੂਆਂ ਨੇ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਨੂੰ ਇੱਕ ਵਾਰ ਫਿਰ ਚੁਣੌਤੀ ਦਿੱਤੀ ਹੈ ਕਿ ਉਹ ਜਲਾਲਾਬਾਦ ਤੋਂ ਹੀ ਚੋਣ ਲੜਨ, ਨਾ ਕਿ ਸਿਆਸੀ ਸਰਪ੍ਰਸਤੀ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਪਿੱਛੇ ਭੱਜਣ। ਉਨਾਂ ਕਿਹਾ ਕਿ ਜੇਕਰ ਕਾਂਗਰਸ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਆਮ ਆਦਮੀ ਪਾਰਟੀ ਦੇ ਸਟੈਂਡ ਨੂੰ ਪ੍ਰਮਾਣਿਤ ਕਰੇਗਾ ਕਿ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਦੂਜੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਅਸੈਂਬਲੀ ਚੋਣਾਂ ਲੜੀਆਂ ਜਾ ਰਹੀਆਂ ਹਨ।

Have something to say? Post your comment